03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਮਾਨਸੂਨ ਤੋਂ ਪਹਿਲਾਂ ਹੜ੍ਹਾਂ ਪ੍ਰਤੀ ਚੌਕਸ ਹੋਇਆ ਪ੍ਰਸ਼ਾਸਨ, ਭਾਰਤੀ ਫ਼ੌਜ ਨਾਲ ਸਾਂਝੀ ਮੌਕ ਡਰਿੱਲ

ਅਜੀਤ ਡੈਸਕ 09-07-2026
ਫ਼ਿਰੋਜ਼ਪੁਰ, 8 ਜੁਲਾਈ (ਗੁਰਿੰਦਰ ਸਿੰਘ)-ਪਿਛਲੇ ਸਾਲ ਹੜ੍ਹਾਂ ਨਾਲ ਬੁਰੀ ਤਰ੍ਹਾਂ ਝੰਬਿਆ ਜ਼ਿਲ੍ਹਾ ਪ੍ਰਸ਼ਾਸਨ ਹੁਣ ਤੋਂ ਹੀ ਮਾਨਸੂਨ ਦੇ ਮੱਦੇਨਜ਼ਰ ਸੰਭਾਵੀ ਹੜ੍ਹਾਂ ਅਤੇ ਹੋਰ ਕੁਦਰਤੀ ਆਫ਼ਤਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਚੌਕਸ ਹੋ ਗਿਆ ਹੈ। ਇਸੇ ਤਹਿਤ ਭਾਰਤੀ ਫ਼ੌਜ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਦੁਲਚੀ ਕੇ ਸਥਿਤ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਵਿਚ ਹੜ੍ਹਾਂ ਅਤੇ ਹੋਰ ਹੰਗਾਮੀ ਸਥਿਤੀਆਂ ਦੌਰਾਨ ਕੀਤੇ ਜਾਣ ਵਾਲੇ ਬਚਾਅ ਕਾਰਜਾਂ ਸੰਬੰਧੀ ਮੌਕ ਡਰਿੱਲ ਕਰਵਾਈ। ਇਸ ਅਭਿਆਸ ਵਿਚ ਭਾਰਤੀ ਫ਼ੌਜ, ਐੱਸ.ਡੀ.ਆਰ.ਐੱਫ. ਅਤੇ ਜ਼ਿਲ੍ਹੇ ਦੇ ਸਾਰੇ ਭਾਈਵਾਲ ਵਿਭਾਗਾਂ ਨੇ ਸਰਗਰਮ ਭਾਗ ਲਿਆ। ਇਸ ਮੌਕੇ ਬ੍ਰਿਗੇਡੀਅਰ ਵਿਕਰਮ ਰਸਤੋਗੀ, ਕਰਨਲ ਯੋਗੇਸ਼ ਤਮੰਗ, ਮੇਜਰ ਰੌਬਿਨ ਸਿੰਘ ਅਤੇ ਨਾਇਬ ਤਹਿਸੀਲਦਾਰ ਮਮਦੋਟ ਰਾਜੇਸ਼ ਢੀਂਗਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੌਕ ਡਰਿੱਲ ਦੌਰਾਨ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਸਮੇਂ ਆਪਣਾ ਬਚਾਅ ਕਰਨ, ਮੁੱਢਲੀ ਸਹਾਇਤਾ ਪ੍ਰਦਾਨ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਭਾਰਤੀ ਫ਼ੌਜ ਵਲੋਂ ਆਫ਼ਤ ਸਮੇਂ ਅਪਣਾਈ ਜਾਣ ਵਾਲੀ ਕਾਰਜ ਪ੍ਰਣਾਲੀ ਅਤੇ ਬਚਾਅ ਕਾਰਜਾਂ ਦਾ ਵਿਹਾਰਕ ਪ੍ਰਦਰਸ਼ਨ ਵੀ ਕੀਤਾ ਗਿਆ। ਮੇਜਰ ਰੌਬਿਨ ਸਿੰਘ ਨੇ ਕਿਹਾ ਕਿ ਅਜਿਹੇ ਸਾਂਝੇ ਅਭਿਆਸਾਂ ਦਾ ਉਦੇਸ਼ ਵੱਖ-ਵੱਖ ਵਿਭਾਗਾਂ ਵਿਚਾਲੇ ਤਾਲਮੇਲ ਮਜ਼ਬੂਤ ਕਰਨਾ ਅਤੇ ਕੁਦਰਤੀ ਆਫ਼ਤਾਂ ਦੌਰਾਨ ਜਾਨੀ-ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਲੋੜੀਂਦੀ ਤਿਆਰੀ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਦੌਰਾਨ ਪੰਜਾਬ ਵਿਚ ਦਰਿਆਵਾਂ ਅਤੇ ਨਹਿਰਾਂ ਕਾਰਨ ਹੜ੍ਹਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਿਸ ਨੂੰ ਦੇਖਦਿਆਂ ਅਜਿਹੇ ਅਭਿਆਸਾਂ ਦੀ ਵਿਸ਼ੇਸ਼ ਅਹਿਮੀਅਤ ਹੈ। ਇਸ ਮੌਕੇ ਪੰਜਾਬ ਪੁਲਿਸ, ਸਿਹਤ ਵਿਭਾਗ, ਹੋਮ ਗਾਰਡ, ਸਿੱਖਿਆ ਵਿਭਾਗ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਫਾਇਰ ਸੇਫ਼ਟੀ, ਰੈੱਡ ਕਰਾਸ ਅਤੇ ਹੋਰ ਭਾਈਵਾਲ ਵਿਭਾਗਾਂ ਦੇ ਅਧਿਕਾਰੀਆਂ ’ਤੇ ਕਰਮਚਾਰੀਆਂ ਦੇ ਨਾਲ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਵੀ ਮੌਕ ਡਰਿੱਲ ’ਚ ਭਾਗ ਲੈ ਕੇ ਹੜ੍ਹਾਂ ਅਤੇ ਹੋਰ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਸਬੰਧੀ ਅਹਿਮ ਜਾਣਕਾਰੀ ਹਾਸਿਲ ਕੀਤੀ।
ਪਿਛਲੀ ਖ਼ਬਰ ਫ਼ਿਲਮ ‘ਸਤਲੁਜ’ ’ਤੇ ਪਾਬੰਦੀ ਲਗਾਉਣਾ ਤਾਨਾਸ਼ਾਹੀ ਵਾਲਾ ਫੈਸਲਾ- ਧਾਲੀਵਾਲ, ਕਰਮੂੰਵਾਲਾ ਅਗਲੀ ਖ਼ਬਰ ਲੋਕ ਮਿਲਣੀ ਦੌਰਾਨ ਵਿਧਾਇਕ ਭੁੱਲਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।