30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸੀਵਰੇਜ ਬੋਰਡ ਦੇ ਪ੍ਰਾਈਵੇਟ ਆਊਟਸੋਰਸ ਮੁਲਾਜ਼ਮਾਂ ਵਲੋਂ ਕੰਮ ਬੰਦ ਕਰਨ ਦਾ ਐਲਾਨ

ਅਜੀਤ ਡੈਸਕ 24-06-2026
ਫ਼ਿਰੋਜ਼ਪੁਰ, 23 ਜੂਨ (ਕੁਲਬੀਰ ਸਿੰਘ ਸੋਢੀ): ਸੀਵਰੇਜ ਬੋਰਡ ਫ਼ਿਰੋਜ਼ਪੁਰ ਦੇ ਪ੍ਰਾਈਵੇਟ ਆਊਟਸੋਰਸ ਮੁਲਾਜ਼ਮਾਂ ਦੀ ਇਕ ਅਹਿਮ ਮੀਟਿੰਗ ਸੀਵਰੇਜ ਬੋਰਡ ਦੇ ਦਫ਼ਤਰ ਫ਼ਿਰੋਜ਼ਪੁਰ ਵਿਖੇ ਪ੍ਰਧਾਨ ਵਿੱਕੀ ਕੁਮਾਰ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਮੁਲਾਜ਼ਮਾਂ ਨੇ ਆਪਣੇ ਉੱਤੇ ਹੋ ਰਹੇ ਲਗਾਤਾਰ ਜਾਨੀ ਹਮਲਿਆਂ, ਧਮਕੀਆਂ ਦੇ ਸਬੰਧੀ ਪ੍ਰਸ਼ਾਸਨ ਵਲੋਂ ਕੋਈ ਢੁੱਕਵੀਂ ਕਾਰਵਾਈ ਨਾ ਕਰਨ ’ਤੇ ਗੰਭੀਰ ਚਿੰਤਾ ਜਤਾਈ। ਵਿੱਕੀ ਕੁਮਾਰ ਨੇ ਕਿਹਾ ਕਿ ਫਰਵਰੀ ਮਹੀਨੇ ਵਿਚ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਅਤੇ ਹੁਣ ਬੀਤੇ ਦਿਨ 19 ਤਾਰੀਖ ਨੂੰ ਉਨ੍ਹਾਂ ਦੇ ਸਾਥੀ ਵਰਕਰ ਵੀਰੂ ’ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਬਹੁਤ ਹੀ ਗੰਭੀਰ ਹਨ ਅਤੇ ਆਊਟਸੋਰਸ ਮੁਲਾਜ਼ਮ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਸੀਵਰੇਜ ਕੱਢਣ ਅਤੇ ਸਫਾਈ ਦਾ ਕੰਮ ਅਕਸਰ ਤੜਕੇ ਸਵੇਰੇ ਜਾਂ ਅਣਸੁਖਾਵੇਂ ਹਾਲਾਤਾਂ ਵਿਚ ਕਰਨਾ ਪੈਂਦਾ ਹੈ। ਜਿਸ ਕਾਰਨ ਮੁਲਾਜ਼ਮਾਂ ਨੂੰ ਹਰ ਵੇਲੇ ਆਪਣੀ ਜਾਨ-ਮਾਲ ਦੀ ਸੁਰੱਖਿਆ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਪ੍ਰਭਾਵਸ਼ਾਲੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਮੁਲਾਜ਼ਮਾਂ ਵਿਚ ਰੋਸ ਵੱਧਦਾ ਜਾ ਰਿਹਾ ਹੈ। ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਬਾਰੇ ਪ੍ਰਸ਼ਾਸਨ ਵਲੋਂ ਕੋਈ ਪੱਕਾ ਭਰੋਸਾ ਨਾ ਦਿੱਤਾ ਗਿਆ ਤਾਂ ਮਿਤੀ 26 ਤਾਰੀਖ ਨੂੰ ਫ਼ਿਰੋਜ਼ਪੁਰ-ਫਾਜ਼ਿਲਕਾ ਹਾਈਵੇ ’ਤੇ ਆਮ ਜਨਤਾ ਦੇ ਸਹਿਯੋਗ ਨਾਲ ਪੱਕਾ ਧਰਨਾ ਦਿੱਤਾ ਜਾਵੇਗਾ ਅਤੇ ਰੋਡ ਜਾਮ ਕੀਤਾ ਜਾਵੇਗਾ। ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਇਹ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤੱਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਸਬੰਧੀ ਪੱਕਾ ਅਤੇ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ। ਇਸ ਮੌਕੇ ਜਥੇਬੰਦੀ ਦੇ ਆਗੂ ਤੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਸੀ.ਐੱਚ.ਸੀ. ਡੱਬਵਾਲਾ ਕਲਾਂ ਵਿਖੇ ਕੀਤੀ ਹੜਤਾਲ ਅਗਲੀ ਖ਼ਬਰ ਵਾਰਡ ਨੰਬਰ 3 ’ਚ ਪਾਈਪ ਲਾਈਨ ਵਿਛਾਉਣ ਦਾ ਕੰਮ ਹੋਇਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।