03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਿਸਤਰੀਆਂ ਵਾਲੇ ਮਹੱਲੇ ਵਿਚ ਸੀਵਰੇਜ ਦੀ ਸਮੱਸਿਆ ਨੇ ਵਧਾਈਆਂ ਮੁਸ਼ਕਲਾਂ

ਅਜੀਤ ਡੈਸਕ 18-04-2026
ਗੁਰੂਹਰਸਹਾਏ, 17 ਅਪ੍ਰੈਲ (ਕਪਿਲ ਕੰਧਾਰੀ)—ਸ਼ਹਿਰ ਦੇ ਮਿਸਤਰੀਆਂ ਵਾਲੇ ਮਹੱਲੇ ਵਿਚ ਸੀਵਰੇਜ ਦੀ ਭਾਰੀ ਸਮੱਸਿਆ ਕਾਰਨ ਲੋਕਾਂ ਨੂੰ ਗੰਭੀਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਹੱਲੇ ਵਿਚ ਗੰਦਾ ਸੀਵਰੇਜ ਪਾਣੀ ਘਰਾਂ ਦੇ ਬਾਹਰ ਹੀ ਖੜ੍ਹਾ ਹੋਇਆ ਹੈ | ਜਿਸ ਕਾਰਨ ਇਲਾਕੇ ਦੀ ਸਫ਼ਾਈ ਪ੍ਰਣਾਲੀ ਪੂਰੀ ਤਰ੍ਹਾਂ ਫ਼ੇਲ੍ਹ ਨਜ਼ਰ ਆ ਰਹੀ ਹੈ ਅਤੇ ਲੋਕ ਨਰਕ ਵਰਗੀ ਜ਼ਿੰਦਗੀ ਜੀਣ ਲਈ ਮਜਬੂਰ ਹਨ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਉਹਨਾਂ ਵਲੋਂ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਵੀ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਬੇਪਰਵਾਹੀ ਕਾਰਨ ਹਾਲਾਤ ਦਿਨੋਂ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ | ਗੰਦੇ ਪਾਣੀ ਦੇ ਖੜੇ ਰਹਿਣ ਨਾਲ ਇਲਾਕੇ ਵਿਚ ਬਦਬੂ ਫੈਲੀ ਹੋਈ ਹੈ ਅਤੇ ਮੱਛਰਾਂ ਦੀ ਭਰਮਾਰ ਹੋ ਗਈ ਹੈ | ਜਿਸ ਨਾਲ ਡੇਂਗੂ, ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣ ਗਿਆ ਹੈ | ਇਸ ਤੋਂ ਇਲਾਵਾ, ਘਰਾਂ ਦੇ ਬਾਹਰ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ | ਮਹੱਲਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਅਪੀਲ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ, ਤਾਂ ਜੋ ਉਹਨਾਂ ਨੂੰ ਇਸ ਦੁਖਦਾਈ ਹਾਲਤ ਤੋਂ ਰਾਹਤ ਮਿਲ ਸਕੇ | ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ |
ਪਿਛਲੀ ਖ਼ਬਰ ਸ਼ਮਸ਼ਾਨਘਾਟ ਦੀ ਰਿਪੇਅਰ ਕਰਨ, ਭੱਠੀ ਬਣਾਉਣ ਦਾ ਬੀੜਾ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਚੁੱਕਿਆ ਅਗਲੀ ਖ਼ਬਰ ਵਿਧਾਇਕ ਰਣਬੀਰ ਭੁੱਲਰ ਵਲੋਂ ਵੱਖ-ਵੱਖ ਮੰਡੀਆਂ 'ਚ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।