04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

2 ਦਿਨਾਂ 'ਚ ਬਿਜਲੀ ਸਪਲਾਈ ਦਾ ਸ਼ਡਿਊਲ ਨਾ ਬਦਲਿਆ ਤਾਂ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ-ਅਲੀਪੁਰ

ਅਜੀਤ ਡੈਸਕ 18-04-2026
ਜ਼ੀਰਾ, 17 ਅਪ੍ਰੈਲ (ਰਜਨੀਸ਼ ਕਥੂਰੀਆ)- ਦੋ ਦਿਨਾਂ ਦੇ ਅੰਦਰ-ਅੰਦਰ ਪਾਵਰਕਾਮ ਅਧਿਕਾਰੀਆਂ ਨੇ ਜ਼ੀਰਾ, ਖੋਸਾ ਦਲ ਸਿੰਘ ਅਤੇ ਠੱਠਾ ਸਾਹਿਬ ਇਲਾਕੇ ਵਿੱਚ ਖੇਤਾਂ ਨੂੰ ਬਿਜਲੀ ਸਪਲਾਈ ਦਾ ਸ਼ਡਿਊਲ ਨਾ ਬਦਲਿਆ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ | ਇਹ ਚਿਤਾਵਨੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ ਨੇ ਦਿੰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਪਾਵਰਕਾਮ ਵੱਲੋਂ ਖੇਤਾਂ ਨੂੰ ਦਿੱਤੀ ਜਾ ਰਹੀ ਬਿਜਲੀ ਦੀ ਸਪਲਾਈ ਦਾ ਬਹੁਤ ਹੀ ਬੁਰਾ ਹਾਲ ਹੈ | ਉਨ੍ਹਾਂ ਦੱਸਿਆ ਕਿ ਕਣਕ ਦੀ ਕਟਾਈ ਦਾ ਸੀਜ਼ਨ ਚੱਲਦਾ ਹੋਣ ਕਰਕੇ ਕਈ ਕਿਸਾਨ ਯੂਨੀਅਨਾਂ ਦੇ ਆਗੂਆਂ ਸਮੇਤ ਮੈਂ ਵੀ ਪਾਵਰਕਾਮ ਦੇ ਚੀਫ਼ ਨਾਲ ਬਿਜਲੀ ਦੀ ਸਪਲਾਈ ਦਾ ਸ਼ਡਿਊਲ ਸਵੇਰੇ 4 ਵਜੇ ਤੋਂ 9 ਵਜੇ ਤੱਕ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਇਸ ਸਮੇਂ ਤਰੇਲ ਪੈਣ ਕਰਕੇ ਪਰਾਲੀ ਵਿਚ ਨਮੀ ਪੈਦਾ ਹੋ ਜਾਂਦੀ ਹੈ ਅਤੇ ਅੱਗ ਲੱਗਣ ਦਾ ਖ਼ਦਸ਼ਾ ਘੱਟ ਹੁੰਦਾ ਹੈ ਪਰ ਪਾਵਰਕਾਮ ਦੇ ਚੀਫ਼ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਹੋਰ ਸਟੇਟਾਂ ਤੋਂ ਬਿਜਲੀ ਖ਼ਰੀਦਦਾ ਹੈ ਅਤੇ ਜਿਸ ਸਮੇਂ ਬਿਜਲੀ ਸਸਤੀ ਮਿਲਦੀ ਹੈ ਉਸ ਸਮੇਂ ਸਪਲਾਈ ਦਿੱਤੀ ਜਾਂਦੀ ਹੈ | ਹਰਦਿਆਲ ਸਿੰਘ ਅਲੀਪੁਰ ਨੇ ਦੱਸਿਆ ਕਿ ਰਾਤ 1 ਵਜੇ ਕਿਸਾਨਾਂ ਵੱਲੋਂ ਸਬਜ਼ੀਆਂ ਅਤੇ ਮੱਕੀ ਦੀ ਫਸਲ ਆਦਿ ਨੂੰ ਪਾਣੀ ਲਗਾਉਣਾ ਬਹੁਤ ਮੁਸ਼ਕਿਲ ਹੈ ਅਤੇ ਕਈ ਵਾਰ ਤਾਂ ਫਾਲਟ ਸ਼ੋਅ ਕਰ ਜਾਂਦਾ ਹੈ | ਜਿਸ ਕਰਕੇ ਇਸ ਸਮੇਂ ਦਿੱਤੀ ਜਾਂਦੀ ਬਿਜਲੀ ਦੀ ਸਪਲਾਈ ਵਿਅਰਥ ਜਾਂਦੀ ਹੈ | ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਸਮੇਂ ਨਾ ਤਾਂ ਕਿਸਾਨ ਖੇਤਾਂ ਵਿੱਚ ਹੁੰਦੇ ਹਨ ਅਤੇ ਜੇਕਰ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਜਾਂਦੀ ਹੈ ਤਾਂ ਕਿਸਾਨਾਂ ਦੀ ਪਰਾਲੀ ਅਤੇ ਖੜੀ ਕਣਕ ਦਾ ਵੱਡਾ ਨੁਕਸਾਨ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ | ਉਹਨਾਂ ਕਿਹਾ ਕਿ ਕੁਝ ਦਿਨਾਂ ਤੋਂ ਇੱਕ ਦਮ ਤਾਪਮਾਨ ਵਧਣ ਕਾਰਨ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਦੀ ਮੱਕੀ ਦੀ ਫਸਲ ਤਬਾਹ ਹੋ ਗਈ ਹੈ | ਉਨ੍ਹਾਂ ਪਾਵਰਕਾਮ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ 2 ਦਿਨਾਂ ਦੇ ਅੰਦਰ-ਅੰਦਰ ਖੇਤਾਂ ਨੂੰ ਬਿਜਲੀ ਸਪਲਾਈ ਦਾ ਸ਼ਡਿਊਲ ਸਵੇਰੇ 4 ਵਜੇ ਤੋਂ 9 ਵਜੇ ਤੱਕ ਨਾ ਕੀਤਾ ਗਿਆ ਤਾਂ ਉਹਨਾਂ ਦੀ ਯੂਨੀਅਨ ਨੂੰ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ |
ਪਿਛਲੀ ਖ਼ਬਰ ਮਨਸੂਰਵਾਲ ਕਲਾਂ ਦੀਆਂ ਸੰਗਤਾਂ ਨੇ ਗ੍ਰੰਥੀ ਸਿੰਘ ਨੂੰ ਸਵਿਫ਼ਟ ਕਾਰ ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਪਿੰਡ ਕਾਮਲ ਵਾਲਾ 'ਚ ਕਈ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।