ਫ਼ਿਰੋਜ਼ਪੁਰ, 29 ਮਾਰਚ (ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ)-ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਪੰਜਾਬ ਵਲੋਂ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਪਾਤਸ਼ਾਹੀ ਦਸਵੀਂ ਬਜੀਦਪੁਰ (ਫ਼ਿਰੋਜ਼ਪੁਰ) ਵਿਖੇ ਵੱਡੇ ਪੱਧਰ 'ਤੇ Tਜੱਟ ਕਾਨਫ਼ਰੰਸUਦਾ ਆਯੋਜਨ ਕੀਤਾ ਗਿਆ | ਇਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਜੱਟ ਭਾਈਚਾਰੇ ਦੇ ਲੋਕਾਂ ਨੇ ਭਰਵਾਂ ਹਿੱਸਾ ਲਿਆ ਅਤੇ ਭਾਈਚਾਰੇ ਨਾਲ ਸਬੰਧਿਤ ਅਹਿਮ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਕਾਨਫ਼ਰੰਸ ਦੀ ਖ਼ਾਸ ਗੱਲ ਇਹ ਰਹੀ ਕਿ ਪਹਿਲੀ ਵਾਰ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਜੱਟ ਆਗੂ ਇਕੋ ਮੰਚ 'ਤੇ ਇਕੱਠੇ ਨਜ਼ਰ ਆਏ | ਸਾਂਝੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਭਾਈਚਾਰੇ ਦੇ ਹੱਕਾਂ ਲਈ ਮਿਲਜੁਲ ਕੇ ਲੜਨ ਦਾ ਸੰਕਲਪ ਕੀਤਾ ਗਿਆ | ਮੀਟਿੰਗ ਦੌਰਾਨ ਭਾਈਚਾਰੇ ਵਲੋਂ ਕਈ ਅਹਿਮ ਮੰਗਾਂ ਰੱਖੀਆਂ ਗਈਆਂ | ਉਨ੍ਹਾਂ ਨੇ ਹੋਰ ਜਾਤੀਆਂ ਵਾਂਗ ਜਨਰਲ ਜਾਤੀ ਕਮਿਸ਼ਨ ਬਣਾਉਣ ਦੀ ਮੰਗ ਕੀਤੀ | ਇਸ ਤੋਂ ਇਲਾਵਾ ਆਰਥਿਕ ਤੌਰ 'ਤੇ ਕਮਜ਼ੋਰ, ਬੇਜ਼ਮੀਨੇ ਅਤੇ ਇਕ ਤੋਂ ਪੰਜ ਕਿਲ੍ਹੇ ਤੱਕ ਜ਼ਮੀਨ ਵਾਲੇ ਜੱਟ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ, ਵਜ਼ੀਫ਼ੇ, ਨੌਕਰੀਆਂ ਵਿੱਚ ਰਿਆਇਤਾਂ ਅਤੇ ਹੋਰ ਸਹੂਲਤਾਂ ਦੇਣ ਦੀ ਮੰਗ ਵੀ ਕੀਤੀ ਗਈ | ਭਾਈਚਾਰੇ ਦੇ ਆਗੂਆਂ ਨੇ ਇਹ ਵੀ ਮੰਗ ਉਠਾਈ ਕਿ ਜੱਟਾਂ ਖ਼ਿਲਾਫ਼ ਦਰਜ ਕੀਤੇ ਜਾ ਰਹੇ ਝੂਠੇ ਐਸ.ਸੀ./ਐਸ.ਟੀ. ਮਾਮਲਿਆਂ 'ਤੇ ਰੋਕ ਲਗਾਈ ਜਾਵੇ | ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਜੱਟ ਭਵਨ ਲਈ ਯੋਗ ਜ਼ਮੀਨ ਮੁਹੱਈਆ ਕਰਵਾਉਣ ਦੀ ਗੱਲ ਵੀ ਜ਼ੋਰ ਨਾਲ ਰੱਖੀ ਗਈ | ਕਾਨਫ਼ਰੰਸ ਨੂੰ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਗੁਰਚਰਨ ਸਿੰਘ ਸੰਧੂ, ਹਰਿੰਦਰ ਸਿੰਘ ਕੁੱਲ, ਚਮਕੌਰ ਸਿੰਘ ਟਿੱਬੀ, ਜੋਗਾ ਸਿੰਘ ਮੁਰਕਵਾਲਾ, ਗੁਰਪ੍ਰੀਤ ਸਿੰਘ ਸੰਧੂ ਮਾਣੇਵਾਲਾ, ਹਰਜਿੰਦਰ ਸਿੰਘ ਕਿਲੀ, ਹਰਜਿੰਦਰ ਸਿੰਘ ਘਾਂਗਾ, ਭੁਪਿੰਦਰ ਕੌਰ ਸੰਧੂ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਸੰਬੋਧਨ ਕੀਤਾ | ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਏ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸਰਬਸੰਮਤੀ ਨਾਲ ਸਿਮਰਜੀਤ ਸਿੰਘ ਸੰਧੂ ਜੰਗ ਨੂੰ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ | ਨਵੇਂ ਪ੍ਰਧਾਨ ਨੇ ਜਲਦ ਹੀ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਕਰਕੇ ਜਥੇਬੰਦੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਭਰੋਸਾ ਦਿੱਤਾ | ਇਸ ਸਮਾਗਮ ਨੂੰ ਕਾਮਯਾਬ ਬਣਾਉਣ ਵਿਚ ਸਾਰਜ ਸਿੰਘ ਸੰਧੂ, ਰਾਜਦੀਪ ਸਿੰਘ ਸੰਧੂ, ਜਗਦੀਪ ਸਿੰਘ ਬੱਬੀ, ਦਵਿੰਦਰ ਸਿੰਘ ਜੰਗ, ਸਵਰਨ ਸਿੰਘ ਸੰਧੂ, ਮੋਹਰ ਸਿੰਘ ਸੋਥਾ, ਅਮਰਜੀਤ ਸਿੰਘ ਤਖ਼ਤ ਮਲਾਨਾ ਅਤੇ ਹੋਰ ਕਈ ਆਗੂਆਂ ਨੇ ਅਹਿਮ ਯੋਗਦਾਨ ਪਾਇਆ |