ਮਮਦੋਟ, 21 ਜਨਵਰੀ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਵਿਜੀਲੈਂਸ ਵਿਭਾਗ ਵਲੋਂ ਕਾਰਵਾਈ ਕਰਦਿਆਂ ਥਾਣਾ ਲੱਖੋ ਕੇ ਬਹਿਰਾਮ ਦੇ ਮੁੱਖ ਮੁਨਸ਼ੀ ਨੂੰ 10 ਹਜਾਰ ਰੁਪਏ ਦੀ ਲਈ ਰਿਸ਼ਵਤ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆਂ ਕਿ ਵੀਨਾ ਰਾਣੀ ਪਤਨੀ ਪਰਮਜੀਤ ਸਿੰਘ ਵਾਸੀ ਪਿੰਡ ਸਰੂਪ ਸਿੰਘ ਵਾਲਾ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੇ ਭਰਾ ਖ਼ਿਲਾਫ਼ ਦਰਜ਼ ਮੁਕੱਦਮੇ ਵਿਚ ਮਦਦ ਕਰਨ ਬਦਲੇ ਥਾਣੇ ਦੇ ਮੁੱਖ ਮੁਨਸ਼ੀ ਹਰਪਾਲ ਸਿੰਘ ਵਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ | ਜਿਸ ਦੀ ਸ਼ਿਕਾਇਤ ਅਤੇ ਸ਼ਿਕਾਇਤ ਦੀ ਪੜਤਾਲ ਦੇ ਆਧਾਰ 'ਤੇ ਵਿਜੀਲੈਂਸ ਦੀ ਟੀਮ ਵਲੋਂ ਟਰੈਪ ਲਗਾ ਕੇ ਥਾਣੇ ਦੇ ਮੁੱਖ ਮੁਨਸ਼ੀ ਹਰਪਾਲ ਸਿੰਘ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਗਿਆ | ਉਹਨਾਂ ਦੱਸਿਆਂ ਕਿ ਕਾਬੂ ਕੀਤੇ ਮੁਨਸ਼ੀ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ | ਇਸ ਰਿਸ਼ਵਤ ਕੇਸ ਵਿਚ ਜੋ ਵੀ ਹੋਰ ਨਾਮ ਸਾਹਮਣੇ ਆਉਣਗੇ | ਉਹਨਾਂ ਖ਼ਿਲਾਫ਼ ਵੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |