ਛਾਜਲੀ ਵਿਖੇ ਕਿਸਾਨ ਦੀ ਸਾਢੇ ਪੰਜ ਏਕੜ ਝੋਨੇ ਦੀ ਫ਼ਸਲ ਸੜ ਕੇ ਸੁਆਹ
ਛਾਜਲੀ, 4 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਪਿੰਡ ਛਾਜਲੀ ਵਿਖੇ ਇੱਕ ਗਰੀਬ ਕਿਸਾਨ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਅੱਗ ਲੱਗਣ ਕਾਰਨ ਉਸ ਦੀ ਸਾਢੇ ਪੰਜ ਏਕੜ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਘਟਨਾ ’ਚ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਛਾਜਲੀ, 4 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਪਿੰਡ ਛਾਜਲੀ ਵਿਖੇ ਇੱਕ ਗਰੀਬ ਕਿਸਾਨ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਅੱਗ ਲੱਗਣ ਕਾਰਨ ਉਸ ਦੀ ਸਾਢੇ ਪੰਜ ਏਕੜ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਘਟਨਾ ’ਚ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਦੀ ਧਾਲੀਵਾਲ ਪੱਤੀ ਦੇ ਕਿਸਾਨ ਤਰਸੇਮ ਸਿੰਘ ਪੁੱਤਰ ਗੁਰਦਾਸ ਸਿੰਘ ਦੇ ਖੇਤਾਂ ’ਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਨੇੜਲੇ ਖੇਤਾਂ ’ਚ ਪਰਾਲੀ ਨੂੰ ਲਗਾਈ ਅੱਗ ਫੈਲਦੀ ਹੋਈ ਉਸ ਦੇ ਖੇਤਾਂ ਤੱਕ ਪਹੁੰਚ ਗਈ, ਜਿਸ ਕਾਰਨ ਪੂਰੀ ਫ਼ਸਲ ਸੜ ਗਈ। ਪੀੜਤ ਕਿਸਾਨ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਨੇ 82 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ‘ਤੇ ਲੈ ਕੇ ਕਰਜ਼ਾ ਚੁੱਕ ਕੇ ਖੇਤੀ ਕੀਤੀ ਸੀ। ਉਸ ਨੂੰ ਉਮੀਦ ਸੀ ਕਿ ਫ਼ਸਲ ਵੇਚ ਕੇ ਠੇਕੇ ਦੀ ਰਕਮ ਵਾਪਸ ਕਰੇਗਾ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਏਗਾ, ਪਰ ਅੱਗ ਨੇ ਉਸ ਦੀਆਂ ਸਾਰੀਆਂ ਉਮੀਦਾਂ ਖ਼ਤਮ ਕਰ ਦਿੱਤੀਆਂ। ਮੌਕੇ ‘ਤੇ ਪਹੁੰਚੇ ਸਰਪੰਚ ਗੁਰਬਿਆਸ ਸਿੰਘ ਬਿਆਸੀ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਪੰਚਾਇਤ, ਇੰਡਸਟਰੀਜ਼ ਏਰੀਆ ਦੇ ਮਾਲਕਾਂ, ਪਿੰਡ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਐਨ.ਆਰ.ਆਈ. ਭਰਾਵਾਂ ਨੂੰ ਕਿਸਾਨ ਦੀ ਵੱਧ ਤੋਂ ਵੱਧ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਮੌਕੇ ‘ਤੇ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ। ਪੀੜਤ ਕਿਸਾਨ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।