ਬਿਨਾਂ ਤਰਪਾਲ ਮਿੱਟੀ ਢੋਣ ਵਾਲੀਆਂ ਟਰਾਲੀਆਂ ਤੇ ਟਿੱਪਰਾਂ ਕਾਰਨ ਖਨੌਰੀ ਵਿੱਚ ਹਾਦਸਿਆਂ ਦਾ ਖ਼ਤਰਾ
ਖਨੌਰੀ, 27 ਅਕਤੂਬਰ (ਬਲਵਿੰਦਰ ਸਿੰਘ ਥਿੰਦ)-ਟੋਹਾਣਾ ਰੋਡ ਰਾਹੀਂ ਖਨੌਰੀ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੀਆਂ ਮਿੱਟੀ ਨਾਲ ਨੱਕੋ-ਨੱਕ ਭਰੀਆਂ ਟਰੈਕਟਰ-ਟਰਾਲੀਆਂ ਅਤੇ ਟਿੱਪਰਾਂ ਉੱਪਰ ਤਰਪਾਲ ਨਾ ਪਾਏ ਜਾਣ ਕਾਰਨ ਉੱਡਦੀ ਮਿੱਟੀ ਤੇ ਧੂੜ ਰਾਹਗੀਰਾਂ ਲਈ ਵੱਡੀ ਮੁਸ਼ਕਲ ਬਣ ਰਹੀ ਹੈ। ਇਸ ਕਾਰਨ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸੜਕ ਹਾਦਸਿਆਂ ਦਾ ਖ਼ਤਰਾ ਵੀ ਵਧ ਗਿਆ ਹੈ।
ਖ
ਖਨੌਰੀ ਦੇ ਟੋਹਾਣਾ ਰੋਡ ’ਤੇ ਸ਼ਹਿਰ ਵੱਲ ਨੂੰ ਤਰਪਾਲ ਵਗੈਰਾ ਨਾਲ ਢਕੇ ਬਗੈਰ ਆ ਰਿਹਾ ਮਿੱਟੀ ਦਾ ਭਰਿਆ ਇੱਕ ਟਿੱਪਰ ਅਤੇ ਟਰਾਲੀ। ਤਸਵੀਰਾਂ: ਬਲਵਿੰਦਰ ਸਿੰਘ ਥਿੰਦ
28-10-2026
ਖਨੌਰੀ, 27 ਅਕਤੂਬਰ (ਬਲਵਿੰਦਰ ਸਿੰਘ ਥਿੰਦ)-ਟੋਹਾਣਾ ਰੋਡ ਰਾਹੀਂ ਖਨੌਰੀ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੀਆਂ ਮਿੱਟੀ ਨਾਲ ਨੱਕੋ-ਨੱਕ ਭਰੀਆਂ ਟਰੈਕਟਰ-ਟਰਾਲੀਆਂ ਅਤੇ ਟਿੱਪਰਾਂ ਉੱਪਰ ਤਰਪਾਲ ਨਾ ਪਾਏ ਜਾਣ ਕਾਰਨ ਉੱਡਦੀ ਮਿੱਟੀ ਤੇ ਧੂੜ ਰਾਹਗੀਰਾਂ ਲਈ ਵੱਡੀ ਮੁਸ਼ਕਲ ਬਣ ਰਹੀ ਹੈ। ਇਸ ਕਾਰਨ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸੜਕ ਹਾਦਸਿਆਂ ਦਾ ਖ਼ਤਰਾ ਵੀ ਵਧ ਗਿਆ ਹੈ। ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਮਗਰੋਂ ਇਲਾਕੇ ਵਿੱਚ ਮਿੱਟੀ ਦੀ ਢੋਆ-ਢੁਆਈ ਅਤੇ ਖੁਦਾਈ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਮਿੱਟੀ ਨਾਲ ਭਰੀਆਂ ਟਰਾਲੀਆਂ ਅਤੇ ਟਿੱਪਰ ਬਿਨਾਂ ਤਰਪਾਲ ਦੇ ਸਾਰਾ ਦਿਨ ਸ਼ਹਿਰ ਦੀਆਂ ਸੜਕਾਂ ’ਤੇ ਦੌੜਦੇ ਦਿਖਾਈ ਦਿੰਦੇ ਹਨ। ਇਨ੍ਹਾਂ ਵਾਹਨਾਂ ਵਿੱਚ ਸਮਰੱਥਾ ਤੋਂ ਵੱਧ ਭਰੀ ਮਿੱਟੀ ਦੇ ਕਣ ਹਵਾ ਨਾਲ ਉੱਡ ਕੇ ਸੜਕਾਂ ’ਤੇ ਫੈਲ ਰਹੇ ਹਨ, ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ, ਪੈਦਲ ਰਾਹਗੀਰਾਂ ਅਤੇ ਹੋਰ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਜਦੋਂ ਕੋਈ ਵਾਹਨ ਇਨ੍ਹਾਂ ਟਰਾਲੀਆਂ ਜਾਂ ਟਿੱਪਰਾਂ ਦੇ ਪਿੱਛੇ ਚੱਲਦਾ ਹੈ ਤਾਂ ਉੱਡਦੀ ਮਿੱਟੀ ਕਾਰਨ ਸਾਹਮਣੇ ਦਾ ਰਸਤਾ ਸਾਫ਼ ਦਿਖਾਈ ਨਹੀਂ ਦਿੰਦਾ। ਇਸ ਤੋਂ ਇਲਾਵਾ ਸੜਕਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲਦੀ ਧੂੜ ਕਾਰਨ ਵਾਤਾਵਰਨ ਵੀ ਪ੍ਰਭਾਵਿਤ ਹੋ ਰਿਹਾ ਹੈ। ਸ਼ਹਿਰ ਦੀਆਂ ਸੜਕਾਂ ਤੋਂ ਲੰਘਣ ਵਾਲੇ ਲੋਕਾਂ ਨੂੰ ਧੂੜ-ਮਿੱਟੀ ਦੇ ਗੁਬਾਰ ਵਿੱਚੋਂ ਲੰਘਣਾ ਪੈਂਦਾ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਲੋਕਾਂ ਦੀ ਸੁਰੱਖਿਆ ਅਤੇ ਸਾਫ਼-ਸੁਥਰੇ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਵਲੋਂ ਕੀ ਕਦਮ ਚੁੱਕੇ ਜਾ ਰਹੇ ਹਨ। ਪ੍ਰਸ਼ਾਸਨ ਦੀ ਕਾਰਵਾਈ ’ਤੇ ਉੱਠੇ ਸਵਾਲ ਸ਼ਹਿਰ ਵਿੱਚ ਰੋਜ਼ਾਨਾ ਮਿੱਟੀ ਨਾਲ ਭਰੀਆਂ ਟਰਾਲੀਆਂ ਅਤੇ ਟਿੱਪਰਾਂ ਦੀ ਆਵਾਜਾਈ ਦੇ ਬਾਵਜੂਦ ਜੇਕਰ ਉਨ੍ਹਾਂ ਵਿੱਚੋਂ ਮਿੱਟੀ ਉੱਡ ਕੇ ਰਾਹਗੀਰਾਂ ਲਈ ਖ਼ਤਰਾ ਬਣ ਰਹੀ ਹੈ ਤਾਂ ਇਹ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਮਿੱਟੀ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਨੂੰ ਤਰਪਾਲ ਨਾਲ ਢੱਕ ਕੇ ਲਿਜਾਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਸੜਕਾਂ ’ਤੇ ਮਿੱਟੀ ਨਾ ਖਿੱਲਰੇ ਅਤੇ ਆਵਾਜਾਈ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਵਾਹਨਾਂ ਦੀ ਆਵਾਜਾਈ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਵਾਉਣਾ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। ਜੇਕਰ ਇਸ ਸਮੱਸਿਆ ਵੱਲ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਉੱਡਦੀ ਮਿੱਟੀ ਕਿਸੇ ਵੱਡੇ ਸੜਕ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਲੋੜੀਂਦੀ ਕਾਰਵਾਈ ਕਰੇ। ਮਿੱਟੀ ਦੀ ਖੁਦਾਈ ਜਾਇਜ਼ ਜਾਂ ਨਾਜਾਇਜ਼, ਜਾਂਚ ਮਗਰੋਂ ਹੀ ਹੋਵੇਗਾ ਸਪੱਸ਼ਟ ਇਸ ਮਾਮਲੇ ਦਾ ਇੱਕ ਹੋਰ ਅਹਿਮ ਪੱਖ ਇਲਾਕੇ ਵਿੱਚ ਹੋ ਰਹੀ ਮਿੱਟੀ ਦੀ ਖੁਦਾਈ ਅਤੇ ਉਸ ਦੀ ਢੋਆ-ਢੁਆਈ ਦੀ ਕਾਨੂੰਨੀ ਸਥਿਤੀ ਨਾਲ ਜੁੜਿਆ ਹੋਇਆ ਹੈ। ਇਹ ਜਾਂਚ ਦਾ ਵਿਸ਼ਾ ਹੈ ਕਿ ਮਿੱਟੀ ਦੀ ਖੁਦਾਈ ਸਬੰਧਤ ਵਿਭਾਗ ਦੀ ਮਨਜ਼ੂਰੀ ਨਾਲ ਕੀਤੀ ਜਾ ਰਹੀ ਹੈ ਜਾਂ ਇਸ ਦੌਰਾਨ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਲਈ ਮਾਈਨਿੰਗ ਵਿਭਾਗ ਵਲੋਂ ਜਾਂਚ ਕੀਤੀ ਜਾਣੀ ਜ਼ਰੂਰੀ ਹੈ, ਤਾਂ ਜੋ ਜੇਕਰ ਕਿਤੇ ਕੋਈ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਮਿੱਟੀ ਦੀ ਢੋਆ-ਢੁਆਈ ਕਰਨ ਵਾਲੀਆਂ ਟਰਾਲੀਆਂ ਅਤੇ ਟਿੱਪਰਾਂ ਦੀ ਜਾਂਚ ਕਰਨ। ਇਸ ਦੇ ਨਾਲ ਹੀ ਵਾਹਨਾਂ ਨੂੰ ਤਰਪਾਲ ਨਾਲ ਢੱਕ ਕੇ ਲਿਜਾਣਾ ਯਕੀਨੀ ਬਣਾਇਆ ਜਾਵੇ ਅਤੇ ਮਿੱਟੀ ਦੀ ਖੁਦਾਈ ਤੇ ਢੋਆ-ਢੁਆਈ ਸਬੰਧੀ ਨਿਯਮਾਂ ਦੀ ਪਾਲਣਾ ਦੀ ਵੀ ਪੜਤਾਲ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਸ਼ਹਿਰ ਦੀਆਂ ਸੜਕਾਂ ’ਤੇ ਆਵਾਜਾਈ ਸੁਰੱਖਿਅਤ ਬਣਾਈ ਜਾ ਸਕੇ ਅਤੇ ਲੋਕਾਂ ਨੂੰ ਧੂੜ-ਮਿੱਟੀ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।