ਵਿਸ਼ਵ ਪੰਜਾਬੀ ਦਿਵਸ ਤੇ ਆਯੁਰਵੈਦਿਕ ਦਿਵਸ ਮਨਾਇਆ
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਵਿਖੇ ‘ਆਪਣਾ ਪੰਜਾਬ’ ਫਾਊਂਡੇਸ਼ਨ ਅਤੇ ‘ਅੱਖਰ ਮੀਡੀਆ’ ਵਲੋਂ ਪ੍ਰਿੰਸੀਪਲ ਡਾ. ਕੁਲਵੰਤ ਕੌਰ ਦੀ ਅਗਵਾਈ ’ਚ ਵਿਸ਼ਵ ਪੰਜਾਬੀ ਦਿਵਸ ਅਤੇ ਆਯੁਰਵੈਦਿਕ ਦਿਵਸ ਮਨਾਇਆ ਗਿਆ ।
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਵਿਖੇ ‘ਆਪਣਾ ਪੰਜਾਬ’ ਫਾਊਂਡੇਸ਼ਨ ਅਤੇ ‘ਅੱਖਰ ਮੀਡੀਆ’ ਵਲੋਂ ਪ੍ਰਿੰਸੀਪਲ ਡਾ. ਕੁਲਵੰਤ ਕੌਰ ਦੀ ਅਗਵਾਈ ’ਚ ਵਿਸ਼ਵ ਪੰਜਾਬੀ ਦਿਵਸ ਅਤੇ ਆਯੁਰਵੈਦਿਕ ਦਿਵਸ ਮਨਾਇਆ ਗਿਆ । ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਮੋਹਨ ਸਿੰਘ ਤਿਆਗੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਸਮਾਗਮ ਦੀ ਸ਼ੁਰੂਆਤ ਕਰਦਿਆਂ ਪ੍ਰੋ. ਕੁਲਦੀਪ ਕੌਰ ਵਲੋਂ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਡਾ. ਮੋਹਨ ਸਿੰਘ ਤਿਆਗੀ ਨੇ “ਪੰਜਾਬੀ ਭਾਸ਼ਾ ਅਤੇ ਨਵੀਂ ਪੀੜ੍ਹੀ: ਵਰਤਮਾਨ ਸਥਿਤੀ, ਚੁਣੌਤੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ” ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਸਾਡੀ ਇਤਿਹਾਸਕ, ਸਾਹਿਤਕ ਅਤੇ ਸੱਭਿਆਚਾਰਕ ਪਛਾਣ ਦਾ ਅਟੁੱਟ ਹਿੱਸਾ ਹੈ। ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਲਈ ਘਰ, ਸਿੱਖਿਆ ਸੰਸਥਾਵਾਂ ਅਤੇ ਸਮਾਜ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ। ਡਾ. ਤਿਆਗੀ ਨੇ ਕਿਹਾ ਕਿ ਭਾਸ਼ਾ ਚੇਤਨਾ ਦੇ ਰੂਪ ’ਚ ਕੰਮ ਕਰਦੀ ਹੈ ਅਤੇ ਮਨੁੱਖ ਦੀ ਤਰੱਕੀ ਭਾਸ਼ਾ ਦੇ ਸੰਚਾਰ ਨਾਲ ਹੀ ਸੰਭਵ ਹੈ। ਸਮਾਗਮ ਦੌਰਾਨ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਪ੍ਰਿੰਸੀਪਲ ਡਾ. ਕੁਲਵੰਤ ਕੌਰ ਅਤੇ ਡਾ. ਰਾਜਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਸੰਭਾਲ ਲਈ ਅਜਿਹੇ ਸਮਾਗਮਾਂ ਦੀ ਅਤੀ ਲੋੜ ਹੈ। ਇਸ ਤੋਂ ਬਾਅਦ ਪੰਜਾਬੀ ਅਧਿਆਪਕ ਪ੍ਰੋ. ਰਮਨਦੀਪ ਸਿੰਘ, ਪ੍ਰੋ.ਦਰਸ਼ਨ ਸਿੰਘ, ਪ੍ਰੋ. ਰਨਪਾਲ ਸਿੰਘ ਅਤੇ ਪ੍ਰੋ. ਰਾਜਵੀਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ l ਇਸ ਉਪਰੰਤ ਵਿਦਿਆਰਥੀਆਂ ਲਈ ਪੰਜਾਬੀ ’ਚ ਦਸਤਖਤ ਮੁਹਿੰਮ, ਸੁੰਦਰ ਪੰਜਾਬੀ ਲਿਖਾਈ ਮੁਕਾਬਲੇ ਅਤੇ ਵਿਦਿਆਰਥੀ ਦੇ ਗੁਰਮੁਖੀ ਪੈਂਤੀ ਮੁਕਾਬਲੇ ਆਦਿ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਉਪਰੰਤ ਆਯੂਰਵੈਦਿਕ ਦਿਵਸ ਉੱਤੇ ਡਾ.ਰੀਤੂ ਗਰਗ ਵਲੋਂ ਵਿਚਾਰ ਪੇਸ਼ ਕਰਦਿਆਂ “ਆਯੂਰਵੈਦਿਕ ਪੱਧਤੀ ਬਾਰੇ ਜਾਣਕਾਰੀ ਅਤੇ ਇਸ ਦੇ ਲਾਭ ਵਿਸ਼ੇ ਉੱਤੇ ਜਾਣਕਾਰੀ ਦਿੱਤੀ ਗਈ। ਇਸ ਸਮੇਂ ਵਿਭਾਗੀ ਮੁਖੀ, ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।