ਸੰਗਰੂਰ, 27 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਸਿਰਮੌਰ ਸੰਸਥਾ ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ ਵਿਖੇ ਵਾਤਾਵਰਨ ਦੀ ਸ਼ੁੱਧਤਾ ਅਤੇ ਕਾਲਜ ਕੈਂਪਸ ਨੂੰ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ‘ਵਣ ਮਹੋਤਸਵ’ ਮੌਕੇ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਹ ਵਾਤਾਵਰਨ ਸੰਭਾਲ ਮੁਹਿੰਮ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਜੀ ਦੀ ਯੋਗ ਅਗਵਾਈ ਹੇਠ ਸਫਲਤਾਪੂਰਵਕ ਨੇਪਰੇ ਚੜ੍ਹੀ। ਇਸ ਮੁਹਿੰਮ ਦੀ ਸ਼ੁਰੂਆਤ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ, ਸਮੂਹ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਕੈਂਪਸ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਵਾਤਾਵਰਨ ਦੀ ਗੰਭੀਰ ਹਾਲਤ ਬਾਰੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਕੁਦਰਤ ਅਤੇ ਵਾਤਾਵਰਨ ਦਾ ਸੰਤੁਲਨ ਬਣਾਏ ਰੱਖਣ ਲਈ ਰੁੱਖ ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਅੰਗ ਹਨ। ‘ਵਣ ਮਹੋਤਸਵ’ ਵਰਗੇ ਉਪਰਾਲੇ ਸਾਨੂੰ ਕੇਵਲ ਪੌਦੇ ਲਗਾਉਣ ਦੀ ਹੀ ਪ੍ਰੇਰਨਾ ਨਹੀਂ ਦਿੰਦੇ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨੂੰ ਬਚਾਉਣ ਦਾ ਸੁਨੇਹਾ ਵੀ ਦਿੰਦੇ ਹਨ। ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਲਗਾਏ ਗਏ ਪੌਦਿਆਂ ਦੀ ਬੱਚਿਆਂ ਵਾਂਗ ਦੇਖਭਾਲ ਕਰੀਏ ਅਤੇ ਉਨ੍ਹਾਂ ਨੂੰ ਵੱਡੇ ਹੋਣ ਤੱਕ ਪੂਰੀ ਸੁਰੱਖਿਆ ਪ੍ਰਦਾਨ ਕਰੀਏ। ਇਸ ਮੌਕੇ ਡਾ. ਸਾਰਿਕਾ ਜੈਨ, ਡਾ. ਸੋਨੂੰ, ਪ੍ਰੋ. ਰਾਕੇਸ਼ ਜੈਨ, ਪ੍ਰੋ. ਜਸ਼ਨਦੀਪਦ ਕੌਰ, ਸ੍ਰ. ਭੂਰਾ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਥੀਆਂ ਵੱਲੋਂ ਵਾਤਾਵਰਨ ਨੂੰ ਹਰਾ-ਭਰਾ ਰੱਖਣ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦਾ ਪ੍ਰਣ ਵੀ ਲਿਆ ਗਿਆ।