10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਕਿਸਾਨਾਂ ਵਲੋਂ ਕਾਲਾਝਾੜ ਅਤੇ ਦਿੱਲੀ-ਕਟੜਾ ਐਕਸਪ੍ਰੈੱਸ ਟੋਲ ਪਲਾਜ਼ਾ 3 ਘੰਟੇ ਲਈ ਕੀਤਾ ਪਰਚੀ ਮੁਕਤ

ਅਜੀਤ ਡੈਸਕ 23-07-2026

ਭਵਾਨੀਗੜ੍ਹ, 22 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਅੱਜ ਕਾਲਾਝਾੜ ਟੋਲ ਪਲਾਜ਼ਾ ਨੂੰ 3 ਘੰਟੇ ਲਈ ਪਰਚੀ ਮੁਕਤ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੌਰ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਗਲਤਨੀਤੀਆਂ ਕਾਰਨ ਦੇਸ਼ ਦਾ ਖੇਤੀ ਸੈਕਟਰ ਗੰਭੀਰ ਸੰਕਟ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ-ਭਾਰਤ ਮੁਕਤ ਵਪਾਰ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ, ਨਹੀਂ ਤਾਂ ਦੇਸ਼ ਦਾ ਖੇਤੀਬਾੜੀ ਅਤੇ ਡੇਅਰੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵੀ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਆਗੂਆਂ ਨੇ ਮੰਗ ਕੀਤੀ ਕਿ ਈਰਾਨ-ਅਮਰੀਕਾ ਵਿਚਾਲੇ ਜੰਗੀ ਤਣਾਅ ਨੂੰ ਖਤਮ ਕਰਕੇ ਅਮਨ ਕਾਇਮ ਕੀਤਾ ਜਾਵੇ, ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਵਾਪਸ ਲਈਆਂ ਜਾਣ, ਮਨਰੇਗਾ ਨਾਲ ਸਬੰਧਤ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਯੂਰੀਆ ਤੇ ਡੀਏਪੀ ਖਾਦ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਕਿਸਾਨ ਆਗੂਆਂ ਨੇ ਦਿੱਲੀ ਦੇ ਜੰਤਰ-ਮੰਤਰ ’ਤੇ ਵਿਦਿਆਰਥੀਆਂ ਉੱਪਰ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਨੌਜਵਾਨਾਂ ਅਤੇ ਖੰਨਾ ਵਿਖੇ ਮਨਰੇਗਾ ਮਜ਼ਦੂਰਾਂ ’ਤੇ ਹੋਏ ਲਾਠੀਚਾਰਜ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਸ ਮੌਕੇ ਗੁਰਮੀਤ ਸਿੰਘ ਭੱਟੀਵਾਲ (ਸੂਬਾ ਆਗੂ, ਬੀਕੇਯੂ ਡਕੌਂਦਾ-ਬੁਰਜ ਗਿੱਲ), ਅਮਰੀਕ ਸਿੰਘ ਗੰਡੂਆਂ, ਜਗਤਾਰ ਸਿੰਘ ਕਾਲਾਝਾੜ, ਕੁਲਵਿੰਦਰ ਸਿੰਘ ਮਾਝਾ (ਬੀਕੇਯੂ ਰਾਜੇਵਾਲ), ਉੱਤਮ ਸਿੰਘ ਸੰਤੋਖਪੁਰਾ (ਜਮਹੂਰੀ ਕਿਸਾਨ ਸਭਾ), ਕਿਰਨਜੀਤ ਸੇਖੋਂ (ਸੂਬਾ ਆਗੂ, ਏਆਈਕੇਐਸ), ਰਣਧੀਰ ਸਿੰਘ ਭੱਟੀਵਾਲ (ਬੀਕੇਯੂ ਡਕੌਂਦਾ-ਧਨੇਰ), ਨਿਰਮਲ ਸਿੰਘ ਬਟਰਿਆਣਾ, ਰਣਦੀਪ ਕੌਰ ਰਟੋਲਾ, ਗੁਰਮੀਤ ਸਿੰਘ ਕਪਿਆਲ, ਨਿਰੰਜਨ ਸਿੰਘ, ਮਰੇਲ ਕੋਟਲਾ, ਗੁਰਤੇਜ ਸਿੰਘ ਜਲਾਲ, ਕਸ਼ਮੀਰ ਸਿੰਘ ਬਾਲਦ ਖੁਰਦ, ਪੈਪਸੀਕੋ ਵਰਕਰ ਯੂਨੀਅਨ ਦੇ ਨੁਮਾਇੰਦੇ, ਬੂਟਾ ਸਿੰਘ ਬਾਲਦ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਹੀ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਦਿੱਸਿਆ ਕਿ ਦਿੱਲੀ-ਕਟੜਾ ਐਕਸਪ੍ਰੈਸ ਦੇ ਫੱਗੂਵਾਲਾ ਵਿਖੇ ਲਗਾਏ ਟੋਲ ਪਲਾਜ਼ਾ ’ਤੇ ਹੀ ਨਾਅਰੇਬਾਜ਼ੀ ਕਰਦਿਆਂ ਉਸ ਟੋਲ ਪਲਾਜ਼ਾ ਨੂੰ ਵੀ ਪਰਚੀ ਮੁਕਤ ਕੀਤਾ।

ਪਿਛਲੀ ਖ਼ਬਰ ਪੰਜਾਬ ਭਰ ਤੋਂ ਆਏ ਹੈਲਥ ਅਫਸਰਾਂ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਜ਼ੋਰਦਾਰ ਅਗਲੀ ਖ਼ਬਰ ਪਿੰਡ ਰਾਮਸਰਾ ਵਿਖੇ ਅੱਖਾਂ ਦੀ ਜਾਂਚ ਲਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।