ਸੰਗਰੂਰ, 17 ਜੁਲਾਈ (ਦਮਨਜੀਤ ਸਿੰਘ) - ਸਫਾਈ ਸੇਵਕ ਯੂਨੀਅਨ ਪੰਜਾਬ ਦੀ ਸੰਗਰੂਰ ਸ਼ਾਖਾ ਵੱਲੋਂ ਅੱਜ ਆਪਣੀ ਕੰਮ ਛੱਡ ਹੜਤਾਲ ਦੌਰਾਨ ਸੰਘਰਸ਼ ਨੂੰ ਹੋਰ ਅੱਗੇ ਤੋਰਦਿਆਂ ਸਥਾਨਕ ਭਗਤ ਸਿੰਘ ਚੌਂਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਖਿਲਾਫ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੰਘੀ ਕੱਲ੍ਹ ਤੋਂ ਸੰਗਰੂਰ ਦਾ ਪ੍ਰਸ਼ਾਸਨ ਸ਼ਹਿਰ ਅੰਦਰ ਲੱਗੇ ਕੂੜੇ ਦੇ ਢੇਰਾਂ ਨੂੰ ਆਪਣੇ ਪੱਧਰ ਉੱਤੇ ਚੁਕਵਾਉਣ ਲੱਗਿਆ ਹੋਇਆ ਹੈ ਅਤੇ ਕੱਲ੍ਹ ਇਸ ਗੱਲ ਦਾ ਵਿਰੋਧ ਕਰਦਿਆਂ ਸਫਾਈ ਸੇਵਕਾਂ ਵੱਲੋਂ ਜਿੱਥੇ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਗਿਆ ਉੱਥੇ ਹੀ ਸਥਾਨਕ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਕੋਠੀ ਦਾ ਘਿਰਾਓ ਵੀ ਕੀਤਾ ਗਿਆ ਸੀ। ਪ੍ਰਸ਼ਾਸਨ ਵੱਲੋਂ ਪ੍ਰਾਈਵੇਟ ਲੇਬਰ ਲਗਾ ਕੇ ਚਕਾਏ ਜਾ ਰਹੇ ਕੂੜੇ ਦੇ ਡੰਪਾਂ ਉੱਤੇ ਚੱਲ ਰਹੇ ਸਫਾਈ ਦੇ ਕੰਮ ਨੂੰ ਵੀ ਸਫਾਈ ਸੇਵਕਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਅੱਧੀ ਦਰਜਨ ਦੇ ਕਰੀਬ ਸਫਾਈ ਸੇਵਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਸੀ ਪਰ ਦੇਰ ਸ਼ਾਮ ਪੁਲਿਸ ਵੱਲੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅੱਜ ਸਥਾਨਕ ਨਗਰ ਕੌਂਸਲ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ਵੱਲੋਂ ਨਗਰ ਕੌਂਸਲ ਦਫਤਰ ਤੋਂ ਭਗਤ ਸਿੰਘ ਚੌਂਕ ਤੱਕ ਰੋਸ ਮਾਰਚ ਕਰਦਿਆਂ ਅਰਥੀ ਫੂਕ ਮੁਜਾਹਰਾ ਕੀਤਾ ਅਤੇ ਮੁੱਖ ਸੜਕ ਨੂੰ ਵੀ ਇੱਕ ਪਾਸਿਓਂ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਸਫਾਈ ਸੇਵਕਾਂ ਦੀ ਅਗਵਾਈ ਕਰ ਰਹੇ ਜਿਲ੍ਹਾ ਪ੍ਰਧਾਨ ਭਰਤ ਬੇਦੀ, ਸ਼ਹਿਰੀ ਪ੍ਰਧਾਨ ਅਜੈ ਬੇਦੀ, ਨਾਥਾ ਰਾਮ ਸੂਬਾਈ ਚੇਅਰਮੈਨ, ਚੇਅਰਪਰਸਨ ਊਸ਼ਾ ਦੇਵੀ, ਜਨਰਲ ਸਕੱਤਰ ਰਾਜੇਸ਼ ਕੁਮਾਰ, ਮੀਤ ਪ੍ਰਧਾਨ ਸੁਰੇਸ਼ ਕੁਮਾਰ, ਰਾਜੂ ਮੇਟ, ਤਰਨ ਮੇਟ, ਸੰਜੇ ਮੇਟ, ਅਮਿਤ ਕੁਮਾਰ ਪ੍ਰੈੱਸ ਸਕੱਤਰ ਅਤੇ ਰਾਜੇਸ਼ ਕੁਮਾਰ ਜਿਲ੍ਹਾ ਸਕੱਤਰ ਨੇ ਕਿਹਾ ਕਿ ਜਦੋਂ ਤੱਕ ਸਫਾਈ ਸੇਵਕਾਂ ਅਤੇ ਸੀਵਰਮੈੱਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਮੰਗਾਂ ਮੰਨਵਾਉਣ ਲਈ ਯੂਨੀਅਨ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟੇਗੀ। ਉੱਧਰ ਦੂਸਰੇ ਪਾਸੇ ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫਸਰ ਅਸ਼ਵਨੀ ਕੁਮਾਰ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਮੁੱਖ 8 ਕੂੜੇ ਦੇ ਡੰਪਾਂ ਨੂੰ ਪੂਰੀ ਤਰ੍ਹਾਂ ਨਾਲ ਸਾਫ ਕਰਵਾ ਦਿੱਤਾ ਹੈ ਜਿਸ ਨਾਲ ਕਰੀਬ 90 ਪ੍ਰਤੀਸ਼ਤ ਕੂੜਾ ਚੁੱਕਿਆ ਜਾ ਚੁੱਕਾ ਹੈ ਅਤੇ ਗਲੀਆਂ ਵਿੱਚ ਲੱਗੇ ਕੂੜੇ ਦੇ ਛੋਟੇ-ਛੋਟੇ ਢੇਰਾਂ ਨੂੰ ਵੀ ਇੱਕ ਦੋ ਦਿਨਾਂ ਦੇ ਅੰਦਰ-ਅੰਦਰ ਚੁਕਵਾ ਕੇ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਸਾਫ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸ਼ਹਿਰ ਸੰਗਰੂਰ ਵਿੱਚੋਂ ਕੂੜੇ ਦੇ ਡੰਪ ਚੁਕਵਾਏ ਜਾਣ ਸੰਬੰਧੀ ਜਾਰੀ ਹੋਏ ਹੁਕਮਾਂ ਦੀ ਇਨ-ਬਿਨ ਪਾਲਣਾ ਕੀਤੀ ਜਾ ਰਹੀ ਹੈ ਅਤੇ 20 ਜੁਲਾਈ ਨੂੰ ਮੁੜ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਹੋਣ ਵਾਲੀ ਸੁਣਵਾਈ ਦੌਰਾਨ ਨਗਰ ਕੌਂਸਲ ਸੰਗਰੂਰ ਆਪਣੀ ਸਟੇਟਸ ਰਿਪੋਰਟ ਵੀ ਦਾਖਲ ਕਰਵਾ ਦੇਵੇਗੀ।
ਸ਼ਹਿਰ ਦੀਆਂ ਗਲੀਆਂ ਵਿੱਚੋਂ ਨਹੀਂ ਚੁੱਕਿਆ ਗਿਆ ਕੂੜਾ
ਸੰਗਰੂਰ, ਨਗਰ ਕੌਂਸਲ ਸੰਗਰੂਰ ਵੱਲੋਂ ਸਫਾਈ ਸੇਵਕਾਂ ਦੀ ਹੜਤਾਲ ਦੌਰਾਨ ਪ੍ਰਾਈਵੇਟ ਲੇਬਰ ਰਾਹੀਂ ਸ਼ਹਿਰ ਵਿੱਚ ਬਣੇ ਕੂੜੇ ਦੇ ਵੱਡੇ ਡੰਪਾਂ ਨੂੰ ਭਾਵੇਂ ਪੂਰੀ ਤਰ੍ਹਾਂ ਨਾਲ ਸਾਫ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸ਼ਹਿਰ ਦੇ ਹਰ ਇੱਕ ਗਲੀ ਮੁਹੱਲੇ ਵਿੱਚ ਕਈ-ਕਈ ਥਾਵੇਂ ਬਣੇ ਕੂੜੇ ਦੇ ਆਰਜੀ ਡੰਪਾਂ ਤੋਂ ਨਗਰ ਕੌਂਸਲ ਵੱਲੋਂ ਹਾਲੇ ਤੱਕ ਮੁੱਠੀ ਭਰ ਵੀ ਕੂੜਾ ਨਹੀਂ ਚੁਕਵਾਇਆ ਗਿਆ ਹੈ। ਗਲੀਆਂ ਮੁਹੱਲਿਆਂ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਜਿੱਥੇ ਰੋਸ ਹੈ ਉੱਥੇ ਹੀ ਸ਼ਹਿਰ ਵਾਸੀ ਇਹ ਵੀ ਸਵਾਲ ਕਰ ਰਹੇ ਹਨ ਕਿ ਨਗਰ ਕੌਂਸਲ ਸੰਗਰੂਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੀ ਘੁਰਕੀ ਤੋਂ ਡਰਦਿਆਂ ਮੁੱਖ ਸੜਕਾਂ ਉੱਤੇ ਬਣੇ ਕੂੜੇ ਦੇ ਡੰਪ ਤਾਂ ਚੁਕਵਾ ਰਹੀ ਹੈ ਪਰ ਗਲੀਆਂ ਮੁਹੱਲਿਆਂ ਵਿੱਚ ਲੱਗੇ ਕੂੜੇ ਦੇ ਢੇਰਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਹੈ ਜਦਕਿ ਮਾਨਯੋਗ ਅਦਾਲਤ ਵੱਲੋਂ ਪੂਰੇ ਸ਼ਹਿਰ ਵਿੱਚੋਂ ਕੂੜਾ ਚੁੱਕੇ ਜਾਣ ਦੇ ਹੁਕਮ ਦਿੱਤੇ ਗਏ ਹਨ।
ਹੜਤਾਲ ’ਤੇ ਬੈਠੇ ਸਫਾਈ ਸੇਵਕਾਂ ਨੇ ਸੜਕ ਜਾਮ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਵਿਧਾਇਕਾ ਭਰਾਜ ਦਾ ਫੂਕਿਆ ਪੁਤਲਾ
ਅਜੀਤ ਡੈਸਕ
18-07-2026