10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸੰਗਰੂਰ ਨੇੜਲੇ ਪਿੰਡ ਗੁਰਦਾਸਪੁਰਾ ’ਚ ਮੋਟਰਸਾਈਕਲ ਸਵਾਰਾਂ ਨੇ ਹਥਿਆਰ ਵਿਖਾ ਕੇ ਕਿਸਾਨ ਤੋਂ ਲੁੱਟੇ 62 ਹਜ਼ਾਰ ਰੁਪਏ

ਅਜੀਤ ਡੈਸਕ 12-07-2026

ਸੰਗਰੂਰ, 11 ਜੁਲਾਈ (ਦਮਨਜੀਤ ਸਿੰਘ)–ਸੰਗਰੂਰ ਲਾਗਲੇ ਪਿੰਡ ਗੁਰਦਾਸਪੁਰਾ ਵਿੱਚੋਂ ਲੰਘਦੇ ਸ਼ੇਰੋਂ ਰਜਵਾਹੇ ਨੇੜੇ ਅੱਜ ਦੁਪਹਿਰ ਸਮੇਂ ਮੋਟਰਸਾਇਕਲ ਸਵਾਰਾਂ ਵੱਲੋਂ ਇੱਕ ਕਿਸਾਨ ਪਾਸੋਂ ਹਥਿਆਰ ਦੀ ਨੋਕ ਉੱਤੇ ਕਰੀਬ 62 ਹਜ਼ਾਰ ਰੁਪਏ ਦੀ ਖੋਹ ਕੀਤੇ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰੇੜੀ ਦਾ ਵਸਨੀਕ ਜੱਗਾ ਸਿੰਘ ਨਾਮੀ ਕਿਸਾਨ ਆਪਣੀ ਗੁਰਦਾਸਪੁਰਾ ਵਿਚਲੀ ਜ਼ਮੀਨ ਉੱਤੇ ਕੰਮ ਕਰਦੀ ਲੇਬਰ ਨੂੰ ਆਪਣੇ ਮੋਟਰਸਾਈਕਲ ਰਾਹੀਂ ਪਿੰਡ ਹਰੇੜੀ ਤੋਂ ਆਪਣੇ ਖੇਤ ਵੱਲ ਜਾ ਰਿਹਾ ਸੀ ਅਤੇ ਜਿਉਂ ਹੀ ਉਹ ਪਿੰਡ ਗੁਰਦਾਸਪੁਰਾ ਵਿੱਚੋਂ ਲੰਘਦੇ ਸ਼ੇਰੋ ਰਜਵਾਹੇ ਦੀ ਪੁਲੀ ਨੇੜਿਓਂ ਆਪਣੇ ਖੇਤ ਵੱਲ ਮੁੜਿਆ ਤਾਂ ਉਸ ਨੂੰ ਇੱਕ ਮੋਟਰਸਾਇਕਲ ਉੱਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਘੇਰ ਲਿਆ ਗਿਆ ਅਤੇ ਇੱਕ ਨੌਜਵਾਨ ਨੇ ਉਸ ਦੇ ਗਲ ਉੱਤੇ ਦਾਹਾ ਰੱਖ ਲਿਆ। ਮੋਟਰਸਾਇਕਲ ਸਵਾਰ ਤਿੰਨੋਂ ਨੌਜਵਾਨਾਂ ਵੱਲੋਂ ਜੱਗਾ ਸਿੰਘ ਪਾਸੋਂ ਕਰੀਬ 62 ਹਜ਼ਾਰ ਰੁਪਏ ਨਗਦੀ ਅਤੇ ਉਸ ਦਾ ਮੋਬਾਇਲ ਫ਼ੋਨ ਖੋਹ ਕਰ ਲਿਆ ਗਿਆ। ਜੱਗਾ ਸਿੰਘ ਤੋਂ ਨਕਦੀ ਅਤੇ ਮੋਬਾਈਲ ਫ਼ੋਨ ਖੋਹ ਹੋਣ ਸੰਬੰਧੀ ਜਿਉਂ ਹੀ ਨਾਲ ਦੇ ਖੇਤਾਂ ਵਿੱਚ ਕੰਮ ਕਰ ਰਹੇ ਕੁੱਝ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਮੋਟਰਸਾਇਕਲ ਸਵਾਰਾਂ ਦਾ ਪਿੱਛਾ ਕਰ ਕੇ ਕਾਬੂ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਮੋਟਰਸਾਇਕਲ ਸਵਾਰ ਨੌਜਵਾਨ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਸਾਰ ਹੀ ਥਾਣਾ ਸਿਟੀ-1, ਸਿਟੀ ਅਤੇ ਸਦਰ ਸਮੇਤ ਸੀ.ਆਈ.ਏ. ਸਟਾਫ਼ ਦੇ ਮੁਖੀ ਆਪੋਂ ਆਪਣੀਆਂ ਟੀਮਾਂ ਨਾਲ ਮੌਕੇ ਉੱਤੇ ਪਹੁੰਚ ਗਏ ਅਤੇ ਜਾਂਚ ਆਰੰਭ ਦਿੱਤੀ। ਇਹ ਸਾਰੇ ਮਾਮਲੇ ਦੌਰਾਨ ਹੈਰਾਨੀਜਨਕ ਗੱਲ ਇਹ ਰਹੀ ਕਿ ਘਟਨਾ ਵਾਲੀ ਜਗ੍ਹਾ ਥਾਣਾ ਸਿਟੀ -1, ਸਦਰ ਅਤੇ ਸਿਟੀ ਤਿੰਨਾਂ ਵਿੱਚੋਂ ਕਿਸ ਥਾਣੇ ਅਧੀਨ ਆਉਂਦੀ ਹੈ ਇਸ ਨੂੰ ਲੈ ਕੇ ਪੁਲਿਸ ਘਟਨਾ ਤੋਂ ਕਰੀਬ ਤਿੰਨ ਘੰਟੇ ਬਾਅਦ ਵੀ ਆਪਸ ਵਿੱਚ ਉਲਝਦੀ ਦਿਖਾਈ ਦਿੱਤੀ ਅਤੇ ਉਦੋਂ ਤੱਕ ਘਟਨਾ ਸੰਬੰਧੀ ਮੁਕੱਦਮਾ ਦਰਜ਼ ਕੀਤੇ ਜਾਣ ਬਾਰੇ ਵੀ ਸਥਿਤੀ ਸਪਸ਼ਟ ਨਹੀਂ ਹੋ ਸਕੀ। ਬਾਅਦ ਵਿੱਚ ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਨੇ ਖ਼ੁਦ ਪਹਿਲ ਕਦਮੀ ਕਰਦਿਆਂ ਥਾਣਾ ਸਿਟੀ -1 ਸੰਗਰੂਰ ਪੁਲਿਸ ਨੂੰ ਘਟਨਾ ਸੰਬੰਧੀ ਮੁਕੱਦਮਾ ਦਰਜ਼ ਕਰਨ ਦੇ ਨਿਰਦੇਸ਼ ਦਿੱਤੇ ਜਿਸ ਉਪਰੰਤ ਜੱਗਾ ਸਿੰਘ ਦੇ ਬਿਆਨਾਂ ਉੱਤੇ ਤਿੰਨ ਅਣਪਛਾਤੇ ਮੋਟਰਸਾਇਕਲ ਸਵਾਰ ਨੌਜਵਾਨਾਂ ਉੱਤੇ ਥਾਣਾ ਸਿਟੀ-1 ਸੰਗਰੂਰ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ। ਡੀ.ਐਸ.ਪੀ. ਸਿੱਧੂ ਨੇ ਕਿਹਾ ਕਿ ਘਟਨਾ ਨੂੰ ਲੈ ਕੇ ਵੱਖ ਵੱਖ ਪੁਲਿਸ ਪਾਰਟੀਆਂ ਜਾਂਚ ਉੱਤੇ ਲਗਾ ਦਿੱਤੀਆਂ ਹਨ ਅਤੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਫੁਟੇਜ਼ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਹ ਨੌਜਵਾਨ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।
ਪੁਲਿਸ ਨੂੰ ਪਿੰਡ ਗੁਰਦਾਸਪੁਰਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ - ਅਮਨਦੀਪ ਸਿੰਘ ਪੂਨੀਆ
ਸੰਗਰੂਰ: - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪਿੰਡ ਗੁਰਦਾਸਪੁਰਾ ਨਾਲ ਸੰਬੰਧਤ ਨਾਮੀ ਕਿਸਾਨ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਲੁੱਟ ਖੋਹ ਦੀ ਹੋਈ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕੁੱਝ ਦਿਨ ਪਹਿਲਾਂ ਵੀ ਇੱਕ ਪ੍ਰਵਾਸੀ ਮਜਦੂਰ ਪਾਸੋੋਂ ਮੋਬਾਇਲ ਫ਼ੋਨ ਖੋਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲਿਸ ਵੱਲੋਂ ਉਨ੍ਹਾਂ ਦੇ ਪਿੰਡ ਗੁਰਦਾਸਪੁਰਾ ਦੇ ਦੋਵੇਂ ਪਾਸੇ ਪੀ.ਸੀ.ਆਰ. ਦੀ ਗਸ਼ਤ ਕਰਵਾਈ ਜਾਂਦੀ ਸੀ ਪਰ ਹੁਣ ਪਿਛਲੇ ਸਮੇਂ ਤੋਂ ਇਹ ਗਸ਼ਤ ਬਿਲਕੁੱਲ ਬੰਦ ਹੋ ਚੁੱਕੀ ਹੈ ਜਿਸ ਕਾਰਨ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਵੱਧ ਰਹੇ ਹਨ ਅਤੇ ਉਹ ਦਿਨ ਦਿਹਾੜੇ ਹੀ ਰਾਂਹਗੀਰਾਂ ਨੂੰ ਆਪਣਾ ਨਿਸ਼ਾਨਾਂ ਬਣਾਉਣ ਲੱਗ ਪਏ ਹਨ। ਉਨ੍ਹਾਂ ਮੰਗ ਕੀਤੀ ਕਿ ਪਿੰਡ ਗੁਰਦਾਸਪੁਰਾ ਵਿੱਚੋਂ ਲੰਘਦੇ ਸ਼ੇਰੋਂ ਰਜਵਾਹੇ ਦੀ ਪੁਲੀ ਉੱਤੇ ਸੰਗਰੂਰ ਪੁਲਿਸ ਆਪਣੇ ਸੀ.ਸੀ.ਟੀ.ਵੀ. ਕੈਮਰੇ ਲਗਵਾਵੇ ਤਾਂ ਜੋ ਇਸ ਇਲਾਕੇ ਵਿੱਚ ਹੁੰਦੀਆਂ ਵਾਰਦਾਤਾਂ ਨੂੰ ਠੱਲ੍ਹ ਪੈ ਸਕੇ।

ਪਿਛਲੀ ਖ਼ਬਰ ਐਤਵਾਰ ਦੀ ਛੁੱਟੀ ਬੰਦ ਕਰਨ ਦੇ ਨਾਦਰਸ਼ਾਹੀ ਫੁਰਮਾਨ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਆਧੁਨਿਕ ਮਸ਼ੀਨਾਂ ਹੋਣ ਦੇ ਬਾਵਜੂਦ ਵੀ ਸ਼ਹਿਰ ਦਾ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫ਼ੇਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।