04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕਰੋੜਾਂ ਦੇ ਅਮਰਗੜ੍ਹ ਸਬ-ਡਵੀਜ਼ਨ ਕੰਪਲੈਕਸ ਦੀ ਲਿਫਟ ਨੇ ਇਕੋ ਵਰ੍ਹੇ ’ਚ ਹੀ ਤੋੜਿਆ ਦਮ

ਅਜੀਤ ਡੈਸਕ 03-07-2026
ਅਮਰਗੜ੍ਹ,2 ਜੁਲਾਈ (ਜਤਿੰਦਰ ਮੰਨਵੀ,ਪਵਿੱਤਰ ਸਿੰਘ) - ਲੋਕਾਂ ਦੀ ਸਹੂਲਤ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 18 ਜੁਲਾਈ 2025 ਨੂੰ ਕਰੀਬ 6.36 ਕਰੋੜ ਦੀ ਭਾਰੀ-ਭਰਕਮ ਲਾਗਤ ਨਾਲ ਤਿਆਰ ਕੀਤੇ ਗਏ ਅਮਰਗੜ੍ਹ ਸਬ-ਡਵੀਜ਼ਨ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਸੀ।ਪਰ ਅਫ਼ਸੋਸ ਦੀ ਗੱਲ ਹੈ ਕਿ ਅਜੇ ਇਸ ਸੁਪਨਮਈ ਪ੍ਰੋਜੈਕਟ ਨੂੰ ਪੂਰਾ ਇੱਕ ਸਾਲ ਵੀ ਨਸੀਬ ਨਹੀਂ ਹੋਇਆ ਕਿ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਬੰਦ ਪਈ ਲਿਫਟ ਨੇ ਇਸਦੀ ਚਮਕ ਨੂੰ ਗ੍ਰਹਿਣ ਲਗਾ ਦਿੱਤਾ ਹੈ। ਲਿਫਟ ਬੰਦ ਹੋਣ ਕਾਰਨ ਇੱਥੇ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪ੍ਰਸ਼ਾਸਨਿਕ ਤਾਲਮੇਲ ਦੀ ਕਮੀ ਕਰਨ ਬਜ਼ੁਰਗ ਅਤੇ ਅੰਗਹੀਣ ਪੌੜੀਆਂ ਚੜ੍ਹਨ ਲਈ ਮਜਬੂਰ ਹਨ। ਤਹਿਸੀਲ ਦਫ਼ਤਰ ਵਿਖੇ ਆਪਣਾ ਕੰਮਕਾਰ ਕਰਵਾਉਣ ਆਏ ਸਤਿੰਦਰਪਾਲ ਸਿੰਘ, ਚਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰਨਾਂ ਲੋਕਾਂ ਨੇ ਦੱਸਿਆ ਕਿ ਤਹਿਸੀਲਦਾਰ ਸਾਹਿਬ ਪਹਿਲੀ ਮੰਜ਼ਿਲ ਤੇ ਬੈਠਦੇ ਹਨ, ਜਦਕਿ ਪਟਵਾਰੀ ਅਤੇ ਕੰਨਗੋ ਦੂਜੀ ਮੰਜ਼ਿਲ ਤੇ ਬਿਰਾਜਮਾਨ ਹਨ।ਅਜਿਹੇ ‘ਚ ਲਿਫਟ ਖ਼ਰਾਬ ਹੋਣ ਕਾਰਨ ਆਪਣੇ ਕੰਮਾਂ ਲਈ ਆਉਣ ਵਾਲੇ ਬਜ਼ੁਰਗਾਂ, ਬਿਮਾਰਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਪੌੜੀਆਂ ਚੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ।ਜਦੋਂ ਇਸ ਗੰਭੀਰ ਸਮੱਸਿਆ ਸਬੰਧੀ ਐਸ. ਡੀ. ਐਮ. ਰਾਜੇਸ਼ ਕੁਮਾਰ ਸਰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਿਫਟ ਦੀ ਦੇਖਭਾਲ ਕਰਨ ਵਾਲੀ ਕੰਪਨੀ ਨਾਲ ਸਾਂਭ-ਸੰਭਾਲ ਦਾ ਇੱਕ ਸਾਲ ਦਾ ਸਮਝੌਤਾ ਸੀ,ਜਿਸਦੀ ਮਿਆਦ ਮੁੱਕਣ ਕਾਰਨ ਮੁੜ ਨਵਾਂ ਠੇਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜਲਦ ਹੀ ਲਿਫਟ ਨੂੰ ਦੁਬਾਰਾ ਸੁਚਾਰੂ ਰੂਪ ‘ਚ ਚਾਲੂ ਕਰ ਦਿੱਤਾ ਜਾਵੇਗਾ।ਇੱਥੇ ਇੱਕ ਗੰਭੀਰ ਸਵਾਲ ਉੱਠਣਾ ਸੁਭਾਵਿਕ ਹੈ ਕਿ ਜਿਸ ਆਧੁਨਿਕ ਬਿਲਡਿੰਗ ਦੇ ਉਦਘਾਟਨ ਨੂੰ ਅਜੇ ਇਕ ਵਰ੍ਹਾ ਵੀ ਪੂਰਾ ਨਹੀਂ ਹੋਇਆ, ਉਸ ਦੀ ਲਿਫਟ ਇੰਨੀ ਜਲਦੀ ਕਿਵੇਂ ਖਰਾਬ ਹੋ ਗਈ? ਕੀ ਇਸ ਦੀ ਉਸਾਰੀ ਅਤੇ ਸਾਜ਼ੋ-ਸਾਮਾਨ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਕੀਤਾ ਗਿਆ ਸੀ?
ਪਿਛਲੀ ਖ਼ਬਰ ਭਾਰਤੀ ਸੰਕੇਤ ਭਾਸ਼ਾ ਦਾ ਅੱਠ ਰੋਜ਼ਾ ਕੈਂਪ ਸਫ਼ਲਤਾਪੂਰਵਕ ਸੰਪੰਨ ਅਗਲੀ ਖ਼ਬਰ ਸੂਬੇ ਦੀਆਂ ਮਹਿਲਾਵਾਂ ਨੂੰ ‘ਸਤਿਕਾਰ ਰਾਸ਼ੀ’ ਜਾਰੀ ਹੋਣ ਨਾਲ ਮਾਨ ਸਰਕਾਰ ਨੇ ਪੂਰੀ ਕੀਤੀ ਆਖ਼ਰੀ ਗਾਰੰਟੀ-ਪ੍ਰਿੰਸੀਪਲ ਮੰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।