04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਾਨਸੂਨ ਸੀਜ਼ਨ ਦਾ ਪਹਿਲਾ ਭਰਵਾਂ ਮੀਂਹ ਹੀ ਨਹੀਂ ਝੱਲ ਸਕਿਆ ਰੋਹੀੜਾ-ਭੂਦਨ ਰਜਵਾਹਾ

ਅਜੀਤ ਡੈਸਕ 03-07-2026
ਸੰਦੌੜ, 2 ਜੁਲਾਈ (ਗੁਰਪ੍ਰੀਤ ਸਿੰਘ ਚੀਮਾ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਦੀ ਸਹੂਲਤ ਦੇਣ ਦੇ ਮੰਤਵ ਤਹਿਤ ਪਿੰਡ ਕੰਗਣਵਾਲ ਤੋਂ ਭੂਦਨ ਤੱਕ ਬਣਾਇਆ ਗਿਆ ਰੋਹੀੜਾ ਰਜਵਾਹਾ ਓਵਰਫਲੋ ਹੋਣ ਕਾਰਣ ਪਿੰਡ ਸੁਲਤਾਨਪੁਰ ਬਧਰਾਵਾਂ ਕੋਲੋਂ ਟੁੱਟ ਗਿਆ।ਜਿਸ ਕਾਰਣ ਕਿਸਾਨਾਂ ਦੀ ਸੈਂਕੜੇ ਵਿੱਘੇ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ।ਜਿਕਰਯੋਗ ਹੈ ਕਿ ਪਿੰਡ ਕੰਗਣਵਾਲ ਤੋਂ ਪਿੰਡ ਭੂਦਨ ਤੱਕ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਪਿਛਲੇ ਸਾਲ ਨਵਾਂ ਰਜਵਾਹਾ ਬਣਾਇਆ ਗਿਆ ਸੀ।ਇਸ ਰਜਵਾਹੇ ਵਿਚ ਹਾਲੇ ਮਹਿਜ ਇਕ ਦੋ ਵਾਰ ਹੀ ਥੋੜਾ ਪਾਣੀ ਛੱਡਿਆ ਗਿਆ ਸੀ ਪਰ ਲੰਘੀ ਰਾਤ ਇਲਾਕੇ ਵਿਚ ਹੋਈ ਭਰਵੀਂ ਬਾਰਿਸ਼ ਤੋਂ ਬਾਅਦ ਰਜਵਾਹਾ ਓਵਰਫਲੋ ਹੋ ਗਿਆ ਅਤੇ ਪਿੰਡ ਬਧਰਾਵਾਂ ਕੋਲ ਰਜਵਾਹੇ ਵਿਚ ਪਾੜ ਪੈ ਗਿਆ।ਕਿਸਾਨਾਂ ਦਾ ਦੋਸ਼ ਹੈ ਕਿ ਨਹਿਰੀ ਮਹਿਕਮੇ ਦੀ ਕਥਿਤ ਅਣਗਹਿਲੀ ਕਾਰਣ ਰਜਵਾਹਾ ਓਵਰਫਲੋ ਹੋਣ ਤੋਂ ਬਾਅਦ ਟੁੱਟਿਆ ਹੈ।ਉਨ੍ਹਾਂ ਕਿਹਾ ਕਿ ਰਜਵਾਹਾ ਬਣਾਉਣ ਵੇਲੇ ਠੇਕੇਦਾਰ ਵਲੋਂ ਕਈ ਊਣਤਾਈਆਂ ਛੱਡੀਆਂ ਗਈਆਂ ਸਨ।ਰਜਵਾਹੇ ਦੇ ਰਸਤੇ ਕਈ ਥਾਵਾਂ ਤੇ ਤਰੇੜਾਂ ਸਾਫ ਨਜਰ ਆ ਰਹੀਆਂ ਹਨ।ਕਿਸਾਨ ਲਖਬੀਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਬਧਰਾਵਾਂ ਨੇ ਕਿਹਾ ਕਿ ਰਜਾਵਾਹਾ ਕਿਸਾਨਾਂ ਨੂੰ ਫਾਇਦਾ ਦੇਣ ਦੀ ਬਜਾਏ ਉਨ੍ਹਾਂ ਦੀ ਫਸਲਾਂ ਦਾ ਨੁਕਸਾਨ ਕਰ ਗਿਆ ਹੈ।ਕਿਸਾਨ ਲਖਬੀਰ ਸਿੰਘ ਨੇ ਕਿਹਾ ਕਿ ਉਸਦੀ ਠੇਕੇ ਤੇ ਲਈ ਹੋਈ 50 ਵਿਘੇ ਜਮੀਨ ਵਿਚ ਪਾਣੀ ਭਰ ਜਾਣ ਕਾਰਣ ਝੋਨੇ ਅਤੇ ਮੱਕੀ ਦੀ ਫਸਲ ਨੁਕਸਾਨੀ ਗਈ ਹੈ।ਕਿਸਾਨਾਂ ਨੇ ਤੁਰੰਤ ਹੀ ਇਸਦੀ ਸੂਚਨਾ ਨਹਿਰੀ ਮਹਿਕਮੇ ਨੂੰ ਦਿੱਤੀ ।ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਰਜਵਾਹੇ ਦੀ ਪੂਰੀ ਤਰ੍ਹਾਂ ਨਾਲ ਮੁਰੰਮਤ ਨਹੀਂ ਹੋ ਜਾਂਦੀ ਉਦੋਂ ਤੱਕ ਰਜਵਾਹੇ ਵਿਚ ਪਾਣੀ ਨਾ ਛੱਡਿਆ ਜਾਵੇ।ਬਲਾਕ ਸੰਮਤੀ ਮਾਲੇਰਕੋਟਲਾ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਭੂਦਨ ਨੇ ਕਿਹਾ ਕਿ ਉਸਦੇ ਖੇਤ ਕੋਲ ਆਕੇ ਰਜਵਾਹੇ ਮੁੱਕ ਜਾਂਦਾ ਹੈ ਜਿਸ ਕਾਰਣ ਹੋਰਨਾਂ ਕਿਸਾਨਾਂ ਵਾਂਗ ਉਸਦੀ ਫਸਲ ਵੀ ਨੁਕਸਾਨੀ ਗਈ ਹੈ।ਉਨ੍ਹਾਂ ਕਿਹਾ ਕਿ ਮਹਿਕਮੇ ਵਲੋਂ ਖੇਤਾਂ ਨੂੰ ਹਾਲੇ ਤੱਕ ਪਾਣੀ ਦੀ ਸਪਲਾਈ ਨਹੀਂ ਦਿੱਤੀ ਗਈ ਹੈ। ਇਸ ਸਬੰਧੀ ਨਹਿਰੀ ਮਹਿਕਮੇ ਦੇ ਜੇ.ਈ ਗੁਰਸੇਵਕ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਰਜਵਾਹੇ ਦੀ ਲੰਬਾਈ ਜਿਆਦਾ ਹੈ।ਝੋਨੇ ਦਾ ਸੀਜਨ ਹੋਣ ਕਾਰਣ ਪਾਣੀ ਦੀ ਭਰਵੀਂ ਸਪਲਾਈ ਛੱਡੀ ਹੋਈ ਸੀ ਪਰ ਬੀਤੀ ਰਾਤ ਹੋਈ ਭਰਵੀਂ ਬਾਰਿਸ਼ ਕਾਰਣ ਰਜਵਾਹੇ ਵਿਚ ਪਾੜ ਪਿਆ ਹੈ।ਮਹਿਕਮੇ ਵਲੋਂ ਸੂਚਨਾ ਮਿਲਣ ਤੇ ਪਾਣੀ ਦੀ ਸਪਲਾਈ ਵੀ ਤੁਰੰਤ ਬੰਦ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਨਾਲ ਪੰਜਾਬ ਸਰਕਾਰ ਨੇ ਵਾਅਦਾ ਪੂਰਾ ਕਰ ਦਿੱਤਾ-ਚੇਅਰਮੈਨ ਰਛਪਾਲ ਸਿੰਘ ਭੁੱਲਰਹ... ਅਗਲੀ ਖ਼ਬਰ ਚੱਲਦੀ ਰੇਲ ਗੱਡੀ ਵਿੱਚੋਂ ਔਰਤ ਤੋਂ ਮੋਬਾਈਲ ਫੋਨ ਖੋਹਣ ਦੇ ਦੋਸ਼ਾਂ ਵਿੱਚੋਂ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।