ਅਹਿਮਦਗੜ੍ਹ, 23 ਜੂਨ (ਰਣਧੀਰ ਸਿੰਘ ਮਹੋਲੀ) - ਸਰਕਾਰ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਭਾਵੇਂ ਲੱਖ ਦਾਅਵੇ ਕਰੀ ਜਾਵੇ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ । ਸ਼ਹਿਰ ’ਚ ਪਾਰਟੀ ਦੇ ਆਗੂਆਂ ਨਾਲ ਕੀਤੀ ਮੀਟਿੰਗ ਉਪਰੰਤ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਕੀਤੀ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਸ਼ਹਿਰ ਦੀਆਂ ਟੁੱਟੀਆਂ ਮੁੱਖ ਸੜਕਾਂ, ਗਲੀ ਮੁਹੱਲਿਆਂ ’ਚ ਖੜਦਾ ਗੰਦਾ ਪਾਣੀ, ਕੂੜੇ ਦੀ ਸਮੱਸਿਆ ਅਤੇ ਪੀਣ ਵਾਲਾ ਸਾਫ ਪਾਣੀ ਨਾ ਮਿਲਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਨਲਾਇਕੀ ਦਾ ਪ੍ਰਤੱਖ ਪ੍ਰਮਾਣ ਹਨ । ਸਾਬਕਾ ਵਿਧਾਇਕ ਝੂੰਦਾਂ ਨੇ ਕਿਹਾ ਕਿ ਭਾਵੇਂ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸੱਤਾ ਧਿਰ ਦੇ ਆਗੂ ਹਰ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਸੋਹਲੇ ਗਾਉਣਾ ਨਹੀਂ ਭੁੱਲਦੇ, ਪਰ ਸ਼ਹਿਰ ਦੇ ਹਾਲੇ ਤੱਕ ਅਧੂਰੇ ਪਏ ਵਿਕਾਸ ਕਾਰਜਾਂ ’ਚੋਂ ਕੋਈ ਵੀ ਪੂਰਾ ਕਰਨ ’ਚ ਅਸਫਲ ਰਹੇ ਹਨ। ਛਪਾਰ ਰੋਡ, ਧੂਲਕੋਟ ਰੋਡ ’ਤੇ ਖੜਾ ਗੰਦਾ ਪਾਣੀ ਅਤੇ ਟੋਏ ਰੋਜਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ । ਉਨ੍ਹਾਂ ਕਿਹਾ ਕਿ ਸ਼ਹਿਰ ’ਚ ਕੂੜੇ ਅਤੇ ਗੰਦਗੀ ਦੇ ਜਗ੍ਹਾ ਜਗ੍ਹਾ ਲੱਗੇ ਢੇਰ ਲੋਕਾਂ ਨੂੰ ਬਿਮਾਰੀਆਂ ਵੰਡ ਰਹੇ ਹਨ । ਪਰ ਪ੍ਰਸ਼ਾਸਨ ਜਾਂ ਸਰਕਾਰ ਦੇ ਨੁਮਾਇੰਦਆਂ ਨੂੰ ਕਿਉਂ ਕੁਝ ਦਿਖਾਈ ਨਹੀਂ ਦੇ ਰਿਹਾ ? ਝੂੰਦਾ ਨੇ ਪੁੱਛਿਆ ਕਿ ਨਵੀਂ ਦਾਣਾ ਮੰਡੀ ਵਿੱਚ ਜਿੱਥੇ ਖਾਣ ਲਈ ਦਾਣੇ ਅਤੇ ਅਨਾਜ ਆਉਂਦਾ ਹੈ, ਉੱਥੇ ਕੂੜਾ ਸੁੱਟਣਾ ਕਿੱਥੋਂ ਦੀ ਸਿਆਣਪ ਹੈ । ਸਰਕਾਰ ਨੂੰ ਹਰ ਫਰੰਟ ’ਤੇ ਫ਼ੇਲ ਕਰਾਰ ਦਿੰਦੇ ਉਨ੍ਹਾਂ ਕਿਹਾ ਕਿ ਕੂੜੇ ਦੇ ਲੱਗੇ ਢੇਰਾਂ ਸਬੰਧੀ ਉਚ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕਰਕੇ ਇਸ ਦਾ ਕੋਈ ਠੋਸ ਹੱਲ ਕਰਨ ਲਈ ਕਿਹਾ ਜਾਵੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ, ਸਾਬਕਾ ਪ੍ਰਧਾਨ ਅਵਤਾਰ ਸਿੰਘ ਜੱਸਲ, ਜਸਵਿੰਦਰ ਸਿੰਘ ਜੱਸੀ, ਇੰਦਰ ਘਟੌੜਾ, ਸੁਪਰਡੈਂਟ ਮਨੋਜ ਗਰਗ, ਸਾਬਕਾ ਚੇਅਰਮੈਨ ਨਿਰਮਲ ਸਿੰਘ ਬੋੜਹਾਈ, ਹਰਪ੍ਰੀਤ ਸਿੰਘ ਬੋੜਹਾਈ, ਸਾਬਕਾ ਸਰਪੰਚ ਅਜਮਲ ਖਾਨ, ਕੌਂਸਲਰ ਅਮਨ ਅਫਰੀਦੀ, ਪਰਮਜੀਤ ਸਿੰਘ ਜਵੰਦਾ, ਦਰਬਾਰਾ ਸਿੰਘ ਮਹੇਰਨਾ, ਬਲਬੀਰ ਸਿੰਘ ਧਲੇਰ, ਮਾ ਰਜੇਸ਼ ਸ਼ਰਮਾ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਕਾਲਾ ਪੰਚ, ਆਦਿ ਮੌਜੂਦ ਸਨ ।
ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਅਤੇ ਗੰਦਗੀ ਦੇ ਢੇਰ ਸਰਕਾਰ ਅਤੇ ਪ੍ਰਸ਼ਾਸਨ ਦੀ ਨਲਾਇਕੀ ਦਾ ਸਬੂਤ - ਝੂੰਦਾਂ
ਅਜੀਤ ਡੈਸਕ
24-06-2026