ਮਾਲੇਰਕੋਟਲਾ, 23 ਜੂਨ (ਮਨਜਿੰਦਰ ਸਿੰਘ ਸਰੌਦ) - ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਕਿਸਾਨਾਂ ਦੇ ਖੇਤਾਂ ’ਚੋਂ ਚੋਰੀ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਬਿਜਲੀ ਦੇ ਸਾਮਾਨ ਦਾ ਖ਼ਰੀਦਦਾਰ ਕੌਣ ਹੈ । ਇਹ ਸਵਾਲ ਹੁਣ ਪਿੰਡਾਂ ਦੀਆਂ ਸੱਥਾਂ ਅੰਦਰ ਆਮ-ਏ-ਹਾਲਾਤ ਪੂਰੇ ਜ਼ੋਰ ਨਾਲ ‘ਗੂੰਜ’ ਪਾਉਣ ਲੱਗਿਆ ਹੈ। ਬੀਤੇ ਵਰ੍ਹਿਆਂ ਤੋਂ ਕਿਸਾਨਾਂ ਦੇ ਖੇਤਾਂ ’ਚ ਲੱਗੇ ਬਿਜਲੀ ਦੇ ਸਰਕਾਰੀ ਟ੍ਰਾਂਸਫਾਰਮਰਾਂ ਨੂੰ ਭੰਨ ਕੇ ਉਨ੍ਹਾਂ ਦੇ ਵਿੱਚੋਂ ਤਾਂਬਾ ਚੋਰੀ ਕਰਨ ਦੀ ‘ਦਰਦ ਕਹਾਣੀ’ ਮੁੱਕਣ ਦਾ ਨਾਮ ਨਹੀਂ ਸੀ ਲੈ ਰਹੀ ਫਿਰ ਉਸ ਤੋਂ ਬਾਅਦ ਜਦ ਬੇਹੱਦ ਗੰਭੀਰ ਹੋ ਚੁੱਕੇ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਸਬੰਧਤ ਵਿਭਾਗ ਵੱਲੋਂ ਟਰਾਂਸਫਾਰਮਰਾਂ ਅੰਦਰ ਤਾਂਬੇ ਦੀ ਬਜਾਏ ਅਲਮੋਨੀਅਮ ਵਗੈਰਾ ਪਾ ਕੇ ਟਰਾਂਸਫਾਰਮਰਾਂ ਨੂੰ ਬੰਨਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਫਿਰ ਉਸ ਦੇ ਨਾਲ ਹੀ ਚੋਰਾਂ ਵੱਲੋਂ ਆਪਣੇ ਢੰਗ ਤਰੀਕੇ ਬਦਲ ਕੇ ਬਚੇ-ਖੁਚੇ ਟਰਾਂਸਫਾਰਮਰਾਂ ਦੇ ਤੇਲ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਕਿਸਾਨਾਂ ਦੀਆਂ ਮੋਟਰਾਂ ਨੂੰ ਜਾਂਦੀਆਂ ਤਾਂਬੇ ਵਾਲੀਆਂ ਕੇਬਲਾਂ ਦੀ ਚੋਰੀ ਸ਼ੁਰੂ ਕਰ ਦਿੱਤੀ। ਕੁਝ ਕੁ ਵਰ੍ਹਿਆਂ ਤੋਂ ਕਿਸਾਨ ਭਾਈਚਾਰਾ ਟਰਾਂਸਫਾਰਮਰਾਂ ਦੇ ਤੇਲ ਤੇ ਕੇਬਲਾਂ ਦੀ ਚੋਰੀ ਤੋਂ ਇਸ ਕਦਰ ਪ੍ਰੇਸ਼ਾਨ ਹੋ ਚੁੱਕਿਆ ਹੈ ਕਿ ਉਸ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ। ਕਿਸਾਨਾਂ ਨੂੰ ਕੋਈ ਵੀ ‘ਆਪਣਾ ਦਰਦੀ’ ਵਿਖਾਈ ਨਹੀਂ ਦੇ ਰਿਹਾ। ਸਰਕਾਰ ਵੀ ਚੁੱਪ ਹੈ। ਬਿਜਲੀ ਦਫ਼ਤਰ ਤੋਂ ਲੈ ਕੇ ਥਾਣਿਆਂ ਤੱਕ ਜੋ ਕਿਸਾਨਾਂ ਦੀ ਖੱਜਲ-ਖੁਆਰੀ ਹੋ ਰਹੀ ਹੈ ਉਸ ਨੂੰ ਵੇਖ ਕੇ ਕਿਸੇ ਵੀ ਇਨਸਾਨ ਦਾ ਧੁਰ ਅੰਦਰੋਂ ਹਿਲ ਜਾਣਾ ਲਾਜ਼ਮੀ ਹੈ। ਆਏ ਦਿਨ ਕਿਸੇ ਨਾ ਕਿਸੇ ਪਿੰਡ ਅੰਦਰੋਂ ਟਰਾਂਸਫਾਰਮਰਾਂ ਨੂੰ ਭੰਨ ਕੇ ਉਸ ਦਾ ਤੇਲ ਤੇ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ ਹੋ ਜਾਂਦੀਆਂ ਹਨ। ਫਿਰ ਸ਼ੁਰੂ ਹੁੰਦੀ ਹੈ ਕਿਸਾਨ ਭਾਈਚਾਰੇ ਦੀ ਬਿਜਲੀ ਦਫਤਰਾਂ ਤੇ ਥਾਣਿਆਂ ਅੰਦਰ ‘ਬਾਟਾਗਾਹੀ’ ਜੋ ਮੁੱਕਣ ਦਾ ਨਾਮ ਨਹੀਂ ਲੈ ਰਹੀ । ਸੂਬੇ ਦੇ ਪਿੰਡਾਂ ਅੰਦਰੋਂ ਇਕ ਮੰਗ ਬੜੇ ਜ਼ੋਰਦਾਰ ਢੰਗ ਨਾਲ ਉੱਠਣ ਲੱਗੀ ਹੈ ਕਿ ਕਿਸਾਨਾਂ ਦੇ ਖੇਤਾਂ ਅੰਦਰੋਂ ਚੋਰੀ ਕੀਤਾ ਜਾਂਦਾ ਸਰਕਾਰੀ ਟਰਾਂਸਫਾਰਮਰਾਂ ਦਾ ਤੇਲ ਤੇ ਕਿਸਾਨਾਂ ਦੀਆਂ ਬਿਜਲੀ ਕੇਬਲਾਂ ਦੇ ਤਾਂਬੇ ਦਾ ਆਖਰ ਖਰੀਦਦਾਰ ਕੌਣ ਹੈ। ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਅੰਦਰੋਂ ਤੇਲ ਤੇ ਚੋਰੀ ਕੀਤੀਆਂ ਜਾ ਰਹੀਆਂ ਕੇਬਲਾ ਆਖ਼ਰ ਵਿਕਦੀਆਂ ਕਿੱਥੇ ਹਨ । ਜੇਕਰ ਪੁਲਿਸ ਵਿਭਾਗ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰੇ ਤਾਂ ਸ਼ਾਇਦ ਇਸ ਬੇਹੱਦ ਅਹਿਮ ਮਾਮਲੇ ਦੀਆਂ ਪਰਤਾਂ ਖੁੱਲ੍ਹ ਸਕਦੀਆਂ ਹਨ । ਜੇਕਰ ਉਨ੍ਹਾਂ ਖ਼ਰੀਦਦਾਰਾਂ ਨੂੰ ਕਾਬੂ ਕਰ ਲਿਆ ਜਾਵੇ ਤਾਂ ਪੰਜਾਬ ਦੇ ਇਸ ਵੱਡੇ ਮੁੱਦੇ ਦੇ ਹੱਲ ਦੀ ਸੰਭਾਵਨਾ ਹੋ ਸਕਦੀ ਹੈ। ਭਾਵੇਂ ਬੀਤੇ ਦਿਨੀ ਇੱਕ ਪੱਤਰਕਾਰ ਵਾਰਤਾ ਦੌਰਾਨ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਹੱਲ ਕਰਨ ਦਾ ਭਰੋਸਾ ਜ਼ਰੂਰ ਦਿਵਾਇਆ ਹੈ। ਹੈਰਾਨੀਜਨਕ ਤੱਥ ਇਹ ਹੈ ਕਿ ਕੁਝ ਦਿਨ ਪਹਿਲਾਂ ਥਾਣਾ ਸਦਰ ਅਹਿਮਦਗੜ੍ਹ ਦੇ ਪਿੰਡਾਂ ਅੰਦਰ ਚੋਰਾਂ ਵੱਲੋਂ ਕਈ ਕਿਸਾਨਾਂ ਦੀਆਂ ਮੋਟਰਾਂ ਨੂੰ ‘ਚੌਥੀ’ ਵਾਰ ਨਿਸ਼ਾਨਾ ਬਣਾਇਆ ਗਿਆ ਹੈ । ਸਵਾਲ ਤਾਂ ਇਹ ਵੀ ਉੱਠ ਰਿਹਾ ਹੈ ਕਿ ਕੀ ਪੁਲਿਸ ਦਾ ਖੁਫ਼ੀਆ ਤੰਤਰ ਇੰਨਾਂ ਕਮਜ਼ੋਰ ਹੋ ਚੁੱਕਿਆ ਹੈ ਕਿ ਉਸ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਇਸ ਸਾਰੇ ਸਮਾਨ ਦਾ ਖ਼ਰੀਦਦਾਰ ਕੌਣ ਹੈ?। ਇਹ ਵਰਤਾਰਾ ਇੰਨਾਂ ਖ਼ਤਰਨਾਕ ਹੋ ਚੁੱਕਿਆ ਹੈ ਕਿ ਪੰਜਾਬ ਦੇ ਇੱਕ ਪਿੰਡ ਅੰਦਰ ਤਾਂ ਕਿਸਾਨਾਂ ਨੂੰ ਚੋਰਾਂ ਤੋਂ ਡਰਦਿਆਂ ਆਪਣੇ ਟਰਾਂਸਫਾਰਮਰਾਂ ‘ਤੇ ‘ਚਿਟਾਂ’ ਲਗਾਉਣ ਲਈ ਮਜ਼ਬੂਰ ਹੋਣਾ ਪਿਆ ਹੈ।
ਖੇਤਾਂ ’ਚੋਂ ਬਿਜਲੀ ਦੇ ਚੋਰੀ ਹੋ ਰਹੇ ਕਰੋੜਾਂ ਰੁਪਏ ਦੇ ਸਾਮਾਨ ਦਾ ਖ਼ਰੀਦਦਾਰ ਕੌਣ ?
ਅਜੀਤ ਡੈਸਕ
24-06-2026