ਕੁੱਪ ਕਲਾਂ, 29 ਮਾਰਚ (ਸੁਖਜਿੰਦਰ ਸਿੰਘ ਝੱਲ)-ਅਕਾਦਮਿਕ ਸੈਸ਼ਨ 2025-26 ਦੀ ਸਮਾਪਤੀ ਮੌਕੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਦੀ ਅਧਿਆਪਕ-ਮਾਪੇ ਮਿਲਣੀ ਕਰਵਾਈ ਗਈ ਜੋ ਕਿ ਬਹੁਤ ਹੀ ਸੁਚੱਜੇ ਢੰਗ ਨਾਲ ਸ਼ਾਨਦਾਰ ਹੋ ਨਿਬੜੀ | ਇਸ ਮੌਕੇ ਸਕੂਲ ਪਿ੍ੰਸੀਪਲ ਆਰਤੀ ਗੁਪਤਾ ਦੀ ਰਹਿਨੁਮਾਈ ਅਤੇ ਨੋਡਲ ਅਧਿਕਾਰੀ ਗੁਰਜੀਵਨ ਸਿੰਘ ਦੀ ਦੇਖ ਰੇਖ ਵਿੱਚ ਵਿੱਚ ਪੂਰੇ ਸਟਾਫ਼ ਵੱਲੋਂ ਫੀਡ ਬੈਕ ਡੈਸਕ, ਨਵੇਂ ਦਾਖ਼ਲੇ ਡੈਸਕ, ਇੰਗਲਿਸ਼ ਐੱਜ ਡੈਸਕ ਅਤੇ ਟੀਕਾਕਰਨ ਜਾਣਕਾਰੀ ਡੈਸਕ ਆਦਿ ਲਗਾਏ ਗਏ, ਜਿਸ ਵਿੱਚ ਇੰਗਲਿਸ਼ ਐੱਜ ਡੈਸਕ ਤੇ ਬੈਠੀ ਟੀਮ ਨੇ ਮਾਪਿਆਂ ਨੂੰ ਇੰਗਲਿਸ਼ ਐਜੂਕੇਸ਼ਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਆਪਣੇ ਬੱਚਿਆਂ ਨੂੰ ਇਸ ਵੱਲ ਪ੍ਰੇਰਿਤ ਕਰਨ ਬਾਰੇ ਦੱਸਿਆ | ਨਵੀਂ ਦਾਖਲਾ ਕਮੇਟੀ ਨੇ ਮਾਪਿਆਂ ਨੂੰ ਪ੍ਰੇਰਿਤ ਕਰਦੇ ਹੋਏ 14 ਨਵੇਂ ਦਾਖ਼ਲੇ ਕੀਤੇ | ਫੀਡਬੈਕ ਡੈਸਕ ਉੱਤੇ ਪਹੁੰਚੇ ਮਾਪਿਆਂ ਨੇ ਸਕੂਲ ਦੀ ਤਰੱਕੀ ਲਈ, ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਤੇ ਅੱਜ ਦੇ ਸਮਾਗਮ ਲਈ ਆਪਣੇ ਵਿਚਾਰ ਪੇਸ਼ ਕੀਤੇ ਤੇ ਸਕੂਲ ਪਿ੍ੰਸੀਪਲ ਆਰਤੀ ਗੁਪਤਾ ਨੇ ਇਸ ਸਬੰਧੀ ਮੌਕੇ ਤੇ ਹੀ ਨਵੀਂ ਟੀਮ ਦਾ ਗਠਨ ਕੀਤਾ ਜੋ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਵਿਚਾਰ ਕਰਨੀ ਹੋਵੇ ਤਾਂ ਉਸ ਸਬੰਧੀ ਇਹ ਟੀਮ ਸਕੂਲ ਮੁਖੀ ਨਾਲ ਗੱਲਬਾਤ ਕਰ ਕੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦੇਵੇਗੀ ਤੇ ਕੰਮ ਕਰੇਗੀ | ਇਸ ਮੌਕੇ ਨੋਨ ਬੋਰਡ ਕਲਾਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਅਤੇ ਆਪਣੀਆਂ ਜਮਾਤ ਵਿੱਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਇੱਕ ਵਿਸ਼ੇਸ਼ਤਾ ਇਹ ਰਹੀ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਅੱਜ ਜਨਮਦਿਨ ਸੀ ਉਨ੍ਹਾਂ ਨੂੰ ਵੀ ਸਕੂਲ ਵੱਲੋਂ ਵਿਸ਼ੇਸ਼ ਤੋਹਫ਼ੇ ਦਿੱਤੇ ਗਏ | ਇਸ ਮੌਕੇ ਇਕ ਖ਼ੂਬਸੂਰਤ ਸੈਲਫੀ ਪੁਆਇੰਟ ਬਣਾਇਆ ਗਿਆ ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ | ਸਕੂਲ ਪਿ੍ੰਸੀਪਲ ਆਰਤੀ ਗੁਪਤਾ ਨੇ ਅੱਜ ਦੇ ਇਸ ਸਫਲ ਸਮਾਗਮ ਲਈ ਆਪਣੇ ਪੂਰੇ ਸਟਾਫ਼ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਪੂਰੀ ਮਿਹਨਤ ਲਗਾ ਕੇ ਸਕੂਲ ਨੂੰ ਸਜਾਇਆ ਅਤੇ ਇਸ ਮੇਲੇ ਨੂੰ ਕਾਮਯਾਬ ਬਣਾਇਆ |