ਸੰਗਰੂਰ, ਮਸਤੂਆਣਾ ਸਾਹਿਬ, 29 ਮਾਰਚ (ਧੀਰਜ ਪਸ਼ੌਰੀਆ, ਸਤਨਾਮ ਸਿੰਘ ਦਮਦਮੀ)-ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਪੰਜਾਬ ਦੀ ਦੋ ਦਿਨਾਂ ਸੂਬਾ ਪੱਧਰੀ ਕਾਨਫ਼ਰੰਸ ਮਸਤੂਆਣਾ ਸਾਹਿਬ ਵਿਖੇ ਸੰਪੰਨ ਹੋ ਗਈ ਹੈ | ਇਸ ਵਿੱਚ ਵੱਡੀ ਗਿਣਤੀ ਵਿੱਚ ਬੁੱਧੀਜੀਵੀਆਂ ਅਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਖੇਤੀਬਾੜੀ ਨਾਲ ਸੰਬੰਧਿਤ ਪੇਪਰ ਪੇਸ਼ ਕੀਤਾ ਗਿਆ, ਜਿਸ ਦਾ ਮੁੱਖ ਅਜੰਡਾ ਕਿਸਾਨ ਅਤੇ ਖੇਤੀਬਾੜੀ ਜਲਵਾਯੂ ਤਬਦੀਲੀ, ਮਾਰੂ ਬਾਜ਼ਾਰ ਅਤੇ ਸਰਕਾਰਾਂ ਦੀਆਂ ਕਿਸਾਨ ਵਿਰੋਧੀਆਂ ਨੀਤੀਆਂ ਦੇ ਘਾਤਕ ਨਤੀਜਿਆਂ ਦਾ ਸ਼ਿਕਾਰ ਜਿਸ ਬਾਰੇ ਵਿਚਾਰ ਚਰਚਾ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਖੇਤੀਬਾੜੀ ਸਮੁੱਚੀ ਦੁਨੀਆਂ ਵਿੱਚ ਗੰਭੀਰ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਹੈ | ਇਸ ਸੰਕਟ ਦੇ ਅਸਲ ਕਾਰਨ ਨੂੰ ਹੱਲ ਕਰਨ ਦੀ ਬਜਾਏ ਸਰਕਾਰਾਂ ਇਸ ਨੂੰ ਕਾਰਪੋਰੇਟ ਸੈਕਟਰ ਦੇ ਹਵਾਲੇ ਕਰਨਾ ਚਾਹੁੰਦੀਆਂ ਹਨ, ਜਦੋਂ ਕਿ ਇਸ ਦਾ ਹੱਲ ਵਿਸ਼ੇਸ਼ ਬਜਟ ਬੰਦੋਬਸਤ ਅਧੀਨ ਕੁਦਰਤ ਪੱਖੀ ਅਤੇ ਮਨੁੱਖ ਪੱਖੀ ਨੀਤੀਆਂ 'ਤੇ ਅਧਾਰਿਤ ਮਨੁੱਖੀ ਭਾਈਚਾਰੇ ਦੀ ਜੀਵਨ ਰੇਖਾ ਵਜੋਂ ਮਾਨਤਾ ਦੇਣ ਵਿੱਚ ਹੈ | ਖੇਤੀਬਾੜੀ ਦੋ ਕੁਦਰਤੀ ਵਿਗਿਆਨ ਅਤੇ ਸਮਾਜਿਕ ਵਿਗਿਆਨ ਦਾ ਸੁਮੇਲ ਹੈ | ਪੰਜਾਬ ਦੀ ਮੌਜੂਦਾ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਸਥਿਤੀ ਸਬੰਧੀ ਲੋਕ ਲਹਿਰ ਦਾ ਨਜ਼ਰੀਆ ਪੇਸ਼ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਜਿਉਂਦੇ ਰਹਿਣ ਦੀਆਂ ਜ਼ਰੂਰੀ ਲੋੜਾਂ ਸ਼ੁੱਧ ਭੋਜਨ, ਸ਼ੁੱਧ ਹਵਾ ਅਤੇ ਸ਼ੁੱਧ ਪਾਣੀ ਵਿਦਿਆ ਅਤੇ ਸਿਹਤ ਸਹੂਲਤਾਂ ਆਦਿ ਦੀ ਸਥਿਤੀ ਬਹੁਤ ਹੀ ਗੰਭੀਰ ਹੈ | ਇਸ ਮੌਕੇ ਮਹਿੰਦਰ ਸਿੰਘ ਭੱਠਲ ਪ੍ਰਧਾਨ ਪੰਜਾਬ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਕਾਨਫ਼ਰੰਸ ਦੀ ਸਫਲਤਾ ਲਈ ਸਾਰੇ ਹੀ ਸਾਥੀਆਂ ਦਾ ਧੰਨਵਾਦ ਕੀਤਾ | ਬੁਲਾਰੇ ਸਾਥੀ ਸੁਖਦੇਵ ਸਿੰਘ ਭੋਪਾਲ, ਗੁਰਦਰਸ਼ਨ ਸਿੰਘ ਖੱਟੜਾ, ਸੱਜਣ ਕੁਮਾਰ ਰਾਜਸਥਾਨ ਰੋਹਿਤ ਸਿੰਘ ਮੰਗਵਾਲ, ਪਵਿੱਤਰ ਸਿੰਘ ਗੁਰਾਇਆ, ਸਮਿੰਦਰ ਸਿੰਘ ਲੌਂਗੋਵਾਲ, ਹਰੀਸ਼ ਚੰਦਰ ਉੱਤਮ, ਦੀਦਾਰ ਸਿੰਘ ਜੰਮੂ, ਮਨਿੰਦਰ ਸਿੰਘ ਮਾਨਸਾ, ਪ੍ਰੋਫੈਸਰ ਅਜਾਇਬ ਸਿੰਘ ਟਵਾਣਾ, ਬਿਕਰਮਜੀਤ ਸਿੰਘ ਚੰਡੀਗੜ੍ਹ, ਗੁਰਮੁਖ ਸਿੰਘ ਪਟਿਆਲਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ | ਜਥੇਬੰਦੀ ਵੱਲੋਂ ਸਮੁੱਚੀ ਮੈਨੇਜਮੈਂਟ ਗੁਰਸਾਗਰ ਮਸਤੂਆਣਾ ਸਾਹਿਬ ਜੀ ਦਾ ਬਹੁਤ ਹੀ ਵਧੀਆ ਪ੍ਰਬੰਧ ਕਰਨ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ |