ਅਮਰਗੜ੍ਹ, 26 ਮਾਰਚ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਨਿਰਣਾਇਕ ਜੰਗ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਜ਼ਿਲ੍ਹਾ ਮਲੇਰਕੋਟਲਾ ਦੇ ਸੰਵੇਦਨਸ਼ੀਲ ਪਿੰਡ ਬਾਗੜੀਆਂ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਕਾਸੋ ਸਰਚ ਅਭਿਆਨ ਚਲਾਇਆ ਗਿਆ | ਇਸ ਮੁਹਿੰਮ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਸ਼ੇਸ਼ ਤੌਰ 'ਤੇ ਐੱਸ.ਐੱਸ.ਪੀ. ਮਲੇਰਕੋਟਲਾ ਗਗਨਅਜੀਤ ਸਿੰਘ ਨੇ ਇਸ ਕਾਰਵਾਈ ਦੀ ਖ਼ੁਦ ਕਮਾਨ ਸੰਭਾਲੀ | ਐੱਸ.ਪੀ. ਰਾਜਵਿੰਦਰ ਸਿੰਘ ਰਾਜੀ, ਡੀ.ਐੱਸ.ਪੀ. ਅਮਰਗੜ੍ਹ ਸੰਜੀਵ ਕਪੂਰ ਅਤੇ ਡੀ.ਐੱਸ.ਪੀ. ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਫੋਰਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਕੇ ਚੱਪੇ-ਚੱਪੇ ਦੀ ਤਲਾਸ਼ੀ ਲਈ | ਮੀਡੀਆ ਦੇ ਰੂਬਰੂ ਹੁੰਦਿਆਂ ਐੱਸ.ਐੱਸ.ਪੀ. ਗਗਨਅਜੀਤ ਸਿੰਘ ਨੇ ਬੜੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਨਸ਼ਾ ਤਸਕਰੀ ਵਰਗੇ ਕੋਹੜ ਨੂੰ ਸਮਾਜ ਵਿਚੋਂ ਜੜ੍ਹੋਂ ਪੁੱਟਣ ਲਈ ਪੁਲਿਸ ਕੋਈ ਕਸਰ ਨਹੀਂ ਛੱਡੇਗੀ | ਉਨ੍ਹਾਂ ਤਸਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਜੇਕਰ ਕੋਈ ਵੀ ਇਨਸਾਨ ਮਨੁੱਖਤਾ ਦੇ ਘਾਣ ਵਾਲੇ ਇਸ ਕਾਲੇ ਕਾਰੋਬਾਰ 'ਚ ਸ਼ਮੂਲੀਅਤ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਕਾਨੂੰਨ ਦਾ ਸ਼ਿਕੰਜਾ ਇਨ੍ਹਾਂ ਸਖ਼ਤ ਹੋਵੇਗਾ ਕਿ ਉਹ ਮੁੜ ਸਿਰ ਨਹੀਂ ਚੁੱਕ ਸਕੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦੇ ਅੱਖ ਤੇ ਕੰਨ ਬਣਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਸੂਚਿਤ ਕਰਨ ਤਾਂ ਜੋ ਗੁਨਾਹਗਾਰਾਂ ਨੂੰ ਸਲਾਖ਼ਾਂ ਪਿੱਛੇ ਸੁੱਟਿਆ ਜਾ ਸਕੇ | ਨਸ਼ੇ ਦੀ ਦਲਦਲ 'ਚ ਫਸ ਚੁੱਕੀ ਨੌਜਵਾਨ ਪੀੜ੍ਹੀ ਪ੍ਰਤੀ ਹਮਦਰਦੀ ਪ੍ਰਗਟਾਉਂਦਿਆਂ ਐੱਸ.ਐੱਸ.ਪੀ. ਗਗਨਅਜੀਤ ਸਿੰਘ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਕੁਰਾਹੇ ਪਏ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਵਾਪਸ ਲਿਆਉਣਾ ਸਾਡਾ ਸਾਰਿਆਂ ਦਾ ਸਾਂਝਾ ਅਤੇ ਨੈਤਿਕ ਫ਼ਰਜ਼ ਹੈ | ਪੁਲਿਸ ਪ੍ਰਸ਼ਾਸਨ ਜਿੱਥੇ ਗੁਨਾਹਗਾਰਾਂ ਲਈ ਸਖ਼ਤ ਹੈ, ਉੱਥੇ ਹੀ ਪੀੜਤਾਂ ਦੇ ਮੁੜ-ਵਸੇਬੇ ਲਈ ਨਰਮ ਗੋਸ਼ਾ ਵੀ ਰੱਖਦਾ ਹੈ | ਇਸ ਸਰਚ ਅਪਰੇਸ਼ਨ ਦੌਰਾਨ ਅਮਰਗੜ੍ਹ ਪੁਲਿਸ ਵੱਲੋਂ ਕੁੱਝ ਸ਼ੱਕੀ ਵਿਅਕਤੀਆਂ ਨੂੰ ਆਪਣੀ ਹਿਰਾਸਤ ਵਿਚ ਲਿਆ ਹੈ | ਇਸ ਮੌਕੇ ਅਮਰਗੜ੍ਹ ਥਾਣਾ ਮੁਖੀ ਬਲਜੀਤ ਸਿੰਘ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ, ਸਾਈਬਰ ਸੈੱਲ ਜ਼ਿਲ੍ਹਾ ਮਲੇਰਕੋਟਲਾ ਇੰਚਾਰਜ ਇੰਸਪੈਕਟਰ ਮਨਜੋਤ ਸਿੰਘ, ਵੂਮਨ ਸੈੱਲ ਮਲੇਰਕੋਟਲਾ ਇੰਚਾਰਜ ਇੰਸਪੈਕਟਰ ਮਨਜੀਤ ਕੌਰ, ਸੋਸ਼ਲ ਮੀਡੀਆ ਇੰਚਾਰਜ ਪ੍ਰਭਜੋਤ ਸਿੰਘ, ਰੀਡਰ ਡੀ.ਐੱਸ.ਪੀ. ਵਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ |