15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਡਾ. ਜ਼ਾਕਿਰ ਹੁਸੈਨ ਸਟੇਡੀਅਮ ਅਤੇ ਬੱਸ ਸਟੈਂਡ ਮਲੇਰਕੋਟਲਾ ਵਾਲੀ ਸੜਕ ਹੋਈ ਖੇਰੂੰ-ਖੇਰੂੰ <br/>

ਅਜੀਤ ਡੈਸਕ 26-01-2026
ਮਲੇਰਕੋਟਲਾ, 25 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਜਿੱਥੇ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਵਿਕਾਸ ਦੇ ਦਾਅਵੇ ਕਰਦੀ ਨਹੀਂ ਥੱਕਦੀ ਉੱਥੇ ਹੀ ਮਲੇਰਕੋਟਲਾ ਦੇ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਜ਼ਿਲ੍ਹੇ ਭਰ ਦੇ ਖਿਡਾਰੀ ਆਪਣੇ-ਆਪਣੇ ਕੋਚਾਂ ਤੋਂ ਸਿਖਲਾਈ ਲੈ ਕੇ ਆਪਣੇ ਰੌਸ਼ਨ ਭਵਿੱਖ ਦੀ ਤਲਾਸ਼ ਵਿਚ ਲਗਾਤਾਰ ਸੰਘਰਸ਼ ਕਰਦੇ ਨਜ਼ਰ ਆਉਂਦੇ ਹਨ | ਉੱਥੇ ਹੀ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ, ਜ਼ਿਲ੍ਹਾ ਪੱਧਰੀ ਬੱਸ ਸਟੈਂਡ ਅਤੇ ਅਨੇਕਾਂ ਹੀ ਵਾਰਡਾਂ ਸਮੇਤ ਰਿਹਾਇਸ਼ੀ ਇਲਾਕਿਆਂ ਨੂੰ ਜੋੜਦੀ ਮੁੱਖ ਸੜਕ ਦੀ ਹਾਲਤ ਕਈ ਸਾਲਾਂ ਤੋਂ ਖੇਰੂੰ-ਖੇਰੂੰ ਹੋ ਚੁੱਕੀ ਹੈ | ਇਸ ਸੜਕ ਦੇ ਪਏ ਹੋਏ ਵੱਟੇ, ਬਜ਼ਰੀ ਆਲੇ-ਦੁਆਲੇ ਖਿਲਰੇ ਪਏ ਹਨ ਅਤੇ ਲੁੱਕ ਨਾਂਅ ਦੀ ਕੋਈ ਵੀ ਚੀਜ਼ ਦਿਖਾਈ ਨਹੀਂ ਦਿੰਦੀ, ਜਿਸ ਕਾਰਨ ਇੱਥੇ ਨਿੱਤ ਰੋਜ਼ ਹਾਦਸੇ ਵਾਪਰਦੇ ਹੀ ਰਹਿੰਦੇ ਹਨ | ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਸਾਲ ਆਜ਼ਾਦੀ ਦਿਹਾੜੇ ਅਤੇ 26 ਜਨਵਰੀ ਦੇ ਦਿਹਾੜੇ ਦਾ ਜ਼ਿਲ੍ਹਾ ਪੱਧਰੀ ਸਮਾਗਮ ਵੀ ਇਸੇ ਸਟੇਡੀਅਮ ਵਿਚ ਕਰਵਾਇਆ ਜਾਂਦਾ ਹੈ | ਜਿੱਥੇ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦਾ ਕੋਈ ਨਾ ਕੋਈ ਮੰਤਰੀ, ਸਰਕਾਰੀ ਨੁਮਾਇੰਦਾ ਜਾਂ ਡਿਪਟੀ ਕਮਿਸ਼ਨਰ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਕੇ ਕੌਮ ਨੂੰ ਖ਼ਿਤਾਬ ਕਰਦੇ ਹਨ | ਇਹਨਾਂ ਕੌਮੀ ਦਿਹਾੜਿਆਂ 'ਤੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਨੂੰ ਖ਼ੂਬਸੂਰਤ ਢੰਗ ਨਾਲ ਸਜਾਇਆ ਜਾਂਦਾ ਹੈ ਪਰੰਤੂ ਉੱਥੇ ਹੀ ਬੱਸ ਸਟੈਂਡ ਅਤੇ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਵਾਲੀ ਸੜਕ ਦਾ ਐਨਾ ਭੈੜਾ ਹਾਲ ਕਿ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮੌਕੇ ਵਾਰਡ ਨੰਬਰ 14 ਦੇ ਵਸਨੀਕ ਹੈਰੀ ਸ਼ਰਮਾ, ਮੁਹੰਮਦ ਅਨਵਰ, ਅਬਦੁਲ ਗੱਫਾਰ ਆਦਿ ਦੁਕਾਨਦਾਰਾਂ ਨੇ ਮਲੇਰਕੋਟਲਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸੜਕ ਨੂੰ ਜਲਦ ਮੁਕੰਮਲ ਅਤੇ ਪੱਕੇ ਤੌਰ ਤੇ ਬਣਾਇਆ ਜਾਣਾ ਚਾਹੀਦਾ ਹੈ ਨਾ ਕਿ ਹਰ ਸਾਲ ਦੀ ਤਰ੍ਹਾਂ ਪੈਚ ਵਰਕ ਲਗਾ ਕੇ ਜਾਂ ਡੰਗ ਟਪਾ ਕੇ ਬੁੱਤਾ ਸਾਰਨਾ ਚਾਹੀਦੈ | ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਮਲੇਰਕੋਟਲਾ ਵਿਚ ਜ਼ਿਲ੍ਹਾ ਪੱਧਰੀ ਕੌਮੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ ਜਿੱਥੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਆਪਣੀਆਂ ਪੇਸ਼ਕਾਰੀਆਂ ਪੇਸ਼ ਕਰਨਗੇ, ਉੱਥੇ ਹੀ ਇਸ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਕੌਮੀ ਝੰਡਾ ਲਹਿਰਾਉਣਗੇ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੇ ਜ਼ਿਲ੍ਹੇ ਦੇ ਹੋਣਹਾਰ ਖਿਡਾਰੀ ਜਿਨ੍ਹਾਂ ਨੇ ਪੰਜਾਬ, ਕੌਮੀ ਅਤੇ ਵਿਸ਼ਵ ਪੱਧਰ ਤੇ ਮਲੇਰਕੋਟਲੇ ਦਾ ਨਾਂਅ ਰੌਸ਼ਨ ਕੀਤਾ ਹੈ ਰੋਜ਼ਾਨਾ ਅਭਿਆਸ ਕਰਨ ਲਈ ਇਸ ਸੜਕ ਉੱਪਰ ਦੀ ਹੀ ਗੁਜ਼ਰ ਕੇ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਪੁੱਜਦੇ ਹਨ, ਜਿਨ੍ਹਾਂ ਨਾਲ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਇਸ ਮੁੱਖ ਸੜਕ ਨੂੰ ਜਲਦੀ ਬਣਾਇਆ ਜਾਣਾ ਚਾਹੀਦਾ ਹੈ | ਅਗਰ ਇਸ ਖੇਰੂੰ-ਖੇਰੂੰ ਹੋ ਚੁੱਕੀ ਮੁੱਖ ਸੜਕ ਦੀ ਹਾਲਤ ਇਸੇ ਤਰ੍ਹਾਂ ਹੀ ਰਹੀ ਤਾਂ ਭਵਿੱਖ ਵਿਚ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ |

ਪਿਛਲੀ ਖ਼ਬਰ ਬਨਾਸਰ ਬਾਗ਼ ਦੀਆਂ ਇਤਿਹਾਸਕ ਇਮਾਰਤਾਂ ਨੂੰ ਵਿਆਹ ਸਮਾਗਮ ਲਈ ਵਰਤਣ ਉੱਤੇ ਪ੍ਰਗਟਾਇਆ ਸਖਤ ਇਤਰਾਜ਼ ਅਗਲੀ ਖ਼ਬਰ ਜੇਲ੍ਹ ਵਿਚ ਨਜ਼ਰਬੰਦ ਮਹਿਲਾ ਕੈਦੀ ਦੀ ਇਲਾਜ ਦੌਰਾਨ ਹੋਈ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।