01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਜ਼ਿਲ੍ਹਾ ਸੰਗਰੂਰ-ਮਲੇਰਕੋਟਲਾ ਵਿਚ 2026 'ਚ ਛੇ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਦੀਆਂ ਹੋਣਗੀਆਂ ਚੋਣਾਂ <br/>

ਬਾਬੂ ਪ੍ਰਕਾਸ਼ ਚੰਦ ਗਰਗ, ਤੇਜਿੰਦਰ ਸਿੰਘ ਸੰਘਰੇੜੀ, ਰਣਦੀਪ ਸਿੰਘ ਦਿਓਲ, ਅਵਤਾਰ ਸਿੰਘ ਈਲਵਾਲ | <br/> 01-01-2026
ਸੰਗਰੂਰ, 31 ਦਸੰਬਰ (ਧੀਰਜ ਪਸ਼ੌਰੀਆ) - ਪੰਜਾਬ ਵਿਚ 160 ਦੇ ਕਰੀਬ ਨਗਰ ਕੌਂਸਲਾਂ ਦੀਆਂ ਚੋਣਾਂ ਅਗਲੇ ਸਾਲ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਿਚ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲੇ ਦੀਆਂ ਛੇ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਪੰਚਾਇਤ ਸ਼ਾਮਿਲ ਹਨ ਇਨ੍ਹਾਂ ਨਗਰ ਕੌਂਸਲਾਂ ਦੀ ਟਰਮ ਅਪ੍ਰੈਲ 2026 ਵਿਚ ਖ਼ਤਮ ਹੋਣ ਜਾ ਰਹੀ ਹੈ | ਸੁਨਾਮ, ਭਵਾਨੀਗੜ੍ਹ, ਲਹਿਰਾ, ਧੂਰੀ, ਮਲੇਰਕੋਟਲਾ, ਅਹਿਮਦਗੜ੍ਹ ਨਗਰ ਕੌਂਸਲਾਂ ਅਤੇ ਅਮਰਗੜ੍ਹ ਨਗਰ ਪੰਚਾਇਤ ਦੀਆਂ ਹੋਣ ਵਾਲੀਆਂ ਚੋਣਾਂ ਲਈ ਵਾਰਡਬੰਦੀ ਕੀਤੀ ਜਾ ਰਹੀ ਹੈ ਜਿਸ ਬਾਰੇ ਇਤਰਾਜ ਮੰਗੇ ਜਾ ਰਹੇ ਹਨ ਪਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਸ ਵਾਰਡਬੰਦੀ ਨੂੰ ਰਾਜਸੀ ਹਿਤਾਂ ਤੋਂ ਪ੍ਰੇਰਿਤ ਦੱਸਿਆ ਹੈ | ਵਿਧਾਨ ਸਭਾ ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਆਪਣੀ ਖੋਈ ਹੋਈ ਸਾਖ ਨੂੰ ਬਹਾਲ ਕਰਨ ਲਈ ਵਾਰਡਾਂ ਦੀ ਬੇ ਮਤਲਬੀ ਭੰਨ ਤੋੜ ਕਰ ਰਹੀ ਹੈ | ਨਾ ਤਾਂ ਆਬਾਦੀ ਦਾ ਵਾਧਾ ਹੋਇਆ ਹੈ ਅਤੇ ਨਾ ਹੀ ਖੇਤਰ ਵਧਿਆ ਹੈ ਸਿਰਫ਼ ਰਾਜਸੀ ਹਿਤਾਂ ਲਈ ਹੀ ਨਵੀਂ ਵਾਰਡ ਬੰਦੀ ਕੀਤੀ ਜਾ ਰਹੀ ਹੈ | ਨਗਰ ਕੌਂਸਲਾਂ ਦੀਆਂ ਪਿਛਲੀਆਂ ਚੋਣਾਂ ਨਵੀਂ ਵਾਰਡਬੰਦੀ ਦੇ ਮੁਤਾਬਿਕ ਹੀ ਹੋਈਆਂ ਸਨ | ਹੁਣ ਵਾਰਡਬੰਦੀ ਦੀ ਕੋਈ ਜ਼ਰੂਰਤ ਨਹੀਂ ਹੈ, ਸਿਰਫ਼ ਤੇ ਸਿਰਫ਼ ਰਾਜਸੀ ਹਿਤਾਂ ਨੂੰ ਪੂਰਾ ਕਰਨ ਲਈ ਕੋਝੇ ਯਤਨ ਕੀਤੇ ਜਾ ਰਹੇ ਹਨ ਜੋ ਲੋਕਤੰਤਰ ਦਾ ਘਾਣ ਹੈ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਕਿਹਾ ਹੈ ਕਿ ਨਵੀਂ ਵਾਰਡਬੰਦੀ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਰਾਜਸੀ ਫ਼ਾਇਦੇ ਲਈ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕੀਤੀ ਜਾ ਰਹੀ ਨਵੀਂ ਵਾਰਡਬੰਦੀ ਨੂੰ ਰੱਦ ਕਰ ਕੇ ਪੁਰਾਣੀ ਵਾਰਡਬੰਦੀ ਮੁਤਾਬਕ ਹੀ ਚੋਣਾਂ ਕਰਵਾਈਆਂ ਜਾਣ | ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ ਦਾ ਕਹਿਣਾ ਹੈ ਕਿ ਕੀਤੀ ਜਾ ਰਹੀ ਵਾਰਡ ਬੰਦੀ ਵਿਚ ਇੱਕ ਇੱਕ ਮਹੱਲੇ ਨੂੰ ਚਾਰ-ਚਾਰ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ | ਕੋਈ ਪਾਰਦਰਸ਼ਤਾ ਨਹੀਂ ਹੈ ਨਿਯਮਾਂ ਮੁਤਾਬਕ 15 ਸਾਲਾਂ ਤੋਂ ਬਾਅਦ ਵਾਰਡਬੰਦੀ ਕੀਤੀ ਜਾਂਦੀ ਹੈ ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜ ਸਾਲਾਂ ਤੋਂ ਬਾਅਦ ਹੀ ਵਾਰਡਬੰਦੀ ਕਰ ਰਹੀ ਹੈ | ਕਿਸੇ ਵੀ ਰੋਟੇਸ਼ਨ ਦਾ ਧਿਆਨ ਨਹੀਂ ਕੀਤਾ ਜਾ ਰਿਹਾ ਹੈ ਜੋ ਲੋਕਾਂ ਨਾਲ ਭੱਦਾ ਮਜ਼ਾਕ ਹੈ | ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਵਿਰੋਧੀਆਂ ਵਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਹੈ ਕਿ ਪਿਛਲੇ 70 ਸਾਲਾਂ ਵਿਚ ਵਾਰ-ਵਾਰ ਵਾਰਡ ਬੰਦੀ ਹੋਈ ਹੈ, ਹੁਣ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਬੇਲੋੜਾ ਰੌਲਾ ਰੱਪਾ ਪਾਇਆ ਜਾ ਰਿਹਾ ਹੈ | ਵੱਖ-ਵੱਖ ਨਗਰ ਕੌਂਸਲਾਂ ਦੀ ਹੋ ਰਹੀ ਵਾਰਡਬੰਦੀ ਪੂਰੀ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਹੋ ਰਹੀ ਹੈ | ਕਿਸ ਉਮੀਦਵਾਰ ਨੂੰ ਨਗਰ ਕੌਂਸਲਰ ਵਜੋਂ ਚੁਣਨਾ ਹੈ ਇਹ ਫ਼ੈਸਲਾ ਲੋਕਾਂ ਨੇ ਕਰਨਾ ਹੈ | ਵਾਰਡਬੰਦੀ ਵਿਚ ਕੋਈ ਵੀ ਵਿਤਕਰੇਬਾਜ਼ੀ ਨਹੀਂ ਹੋ ਰਹੀ ਹੈ ਸਿਰਫ਼ ਤੇ ਸਿਰਫ਼ ਲੋੜ ਮੁਤਾਬਕ ਹੀ ਵਾਰਡਬੰਦੀ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਧੂਰੀ 'ਚ ਕਾਂਗਰਸ ਨੂੰ ਵੱਡਾ ਝਟਕਾ <br/> ਅਗਲੀ ਖ਼ਬਰ ਸ਼ਬਦ ਗੁਰੂ ਦਾ ਪ੍ਰਚਾਰ ਘਰ-ਘਰ ਤੱਕ ਪਹੁੰਚਾਉਣ ਦੇ ਅਹਿਦ ਨਾਲ ਗੁਰਮਤਿ ਸਿੱਖਿਆ ਕੈਂਪ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।