08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ਵਿਚ ਮੈਂਬਰ ਸ਼ਾਮਿਲ ਕਰਨ ਲਈ ਆਨਲਾਈਨ ਅਰਜ਼ੀਆਂ ਭਰਨੀਆਂ ਸ਼ੁਰੂ

ਅਜੀਤ ਡੈਸਕ 23-07-2026

ਮੋਗਾ, 22 ਜੁਲਾਈ (ਸੁਰਿੰਦਰਪਾਲ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੀਤੇ ਐਲਾਨ ਅਤੇ ਰਾਜ ਸਰਕਾਰ ਵਲੋਂ ਲਏ ਫ਼ੈਸਲੇ ਅਨੁਸਾਰ ਨੈਸ਼ਨਲ ਫੂਡ ਸਕਿਉਰਿਟੀ ਐਕਟ 2013/ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ਵਿਚ ਮੈਂਬਰ ਸ਼ਾਮਿਲ ਕਰਨ ਲਈ ਆਨਲਾਈਨ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣੀਆਂ ਹਨ। ਇਸ ਪਹਿਲਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਯੋਗ ਪਰਿਵਾਰਾਂ/ਲਾਭਪਾਤਰੀਆਂ ਨੂੰ ਇਕ ਪਾਰਦਰਸ਼ੀ, ਨਿਰਪੱਖ ਅਤੇ ਤਕਨਾਲੋਜੀ ਆਧਾਰਿਤ ਪ੍ਰਕਿਰਿਆ ਰਾਹੀਂ ਸ਼ਾਮਿਲ ਕੀਤਾ ਜਾਵੇ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਨਵੇਂ ਰਾਸ਼ਨ ਕਾਰਡ ਬਣਾਉਣ ਜਾਂ ਮੌਜੂਦਾ ਰਾਸ਼ਨ ਕਾਰਡਾਂ ਵਿਚ ਮੈਂਬਰ ਸ਼ਾਮਿਲ ਕਰਨ ਲਈ ਫਾਰਮ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਵਿਭਾਗੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਬਿਨੈਕਾਰ ਫਾਰਮ ਭਰਨ ਤੋਂ ਪਹਿਲਾਂ ਫਾਰਮ ਦੇ ਨਾਲ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਹੀ ਮੁਕੰਮਲ ਅਰਜ਼ੀ ਜਮ੍ਹਾ ਕਰਵਾਉਣ। ਸਾਗਰ ਸੇਤੀਆ ਨੇ ਦੱਸਿਆ ਕਿ ਅਰਜ਼ੀਆਂ ਮਿਤੀ 22 ਜੁਲਾਈ ਤੋਂ 11 ਅਗਸਤ 2026 ਦੌਰਾਨ ਹੀ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਬਿਨੈਕਾਰ ਕਿਸੇ ਵੀ ਕੰਮਕਾਜੀ ਦਿਨ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਨਲਾਈਨ ਵਿਧੀ ਰਾਹੀਂ ਸੇਵਾ ਕੇਂਦਰ/ਕਾਮਨ ਸਰਵਿਸ ਸੈਂਟਰ ‘ਤੇ ਜਾਂ ਆਫ਼ਲਾਈਨ ਵਿਧੀ ਰਾਹੀਂ ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦੇ ਜ਼ਿਲ੍ਹਾ ਦਫ਼ਤਰ ਵਿਖੇ ਫਾਰਮ ਜਮ੍ਹਾ ਕਰਵਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਨੈਕਾਰ ਆਪਣੀਆਂ ਅਰਜ਼ੀਆਂ ਨਜ਼ਦੀਕੀ ਸੇਵਾ ਕੇਂਦਰ/ਕਾਮਨ ਸਰਵਿਸ ਸੈਂਟਰ ਜਾ ਕੇ ਆਨਲਾਈਨ ਜਮ੍ਹਾ ਕਰਵਾ ਸਕਦਾ ਹੈ। ਸੇਵਾ ਕੇਂਦਰ ਸੀ.ਐਸ.ਸੀ. ਰਾਹੀਂ ਅਰਜ਼ੀ ਸਫਲਤਾ ਪੂਰਵਕ ਜਮ੍ਹਾ ਹੋਣ ‘ਤੇ ਬਿਨੈਕਾਰ ਨੂੰ 100 ਰੁਪਏ ਪ੍ਰਤੀ ਫਾਰਮ ਪ੍ਰੋਸੈਸਿੰਗ ਫ਼ੀਸ ਵੀ ਜਮ੍ਹਾ ਕਰਵਾਉਣੀ ਪਵੇਗੀ। ਬਿਨੈਕਾਰ ਆਪਣੀ ਅਰਜ਼ੀ ਖ਼ੁਦ ਵੀ ਸਿੱਧੇ ਤੌਰ ‘ਤੇ ਪੋਰਟਲ ਰਾਹੀਂ ਆਨਲਾਈਨ ਜਮ੍ਹਾ ਕਰਵਾ ਸਕਦੇ ਹਨ ਅਤੇ ਫਾਰਮ ਆਨਲਾਈਨ ਜਮ੍ਹਾ ਕਰਵਾਉਣ ਲਈ ਬਿਨੈਕਾਰ ਨੂੰ ਕੋਈ ਵੀ ਫ਼ੀਸ ਨਹੀਂ ਦੇਣੀ ਪਵੇਗੀ। ਇਸ ਤੋਂ ਇਲਾਵਾ ਬਿਨੈਕਾਰ ਆਪਣਾ ਫਾਰਮ ਸਮੇਤ ਦਸਤਾਵੇਜ਼ ਅਤੇ 100 ਰੁਪਏ ਪ੍ਰਤੀ ਫਾਰਮ ਫ਼ੀਸ ਸਬੰਧਿਤ ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦੇ ਜ਼ਿਲ੍ਹਾ ਦਫ਼ਤਰ ਵਿਖੇ ਵੀ ਜਮ੍ਹਾ ਕਰਵਾ ਸਕਦਾ ਹੈ। ਫਾਰਮ ਸਫਲਤਾ ਪੂਰਵਕ ਆਨਲਾਈਨ ਜਮ੍ਹਾ ਹੋਣ ‘ਤੇ ਬਿਨੈਕਾਰ ਨੂੰ ਉਸ ਦੇ ਮੋਬਾਈਲ ਨੰਬਰ ‘ਤੇ ਫਾਰਮ ਪ੍ਰਾਪਤੀ ਦਾ ਮੈਸੇਜ ਸਮੇਤ ਰਸੀਦ ਨੰਬਰ ਪ੍ਰਾਪਤ ਹੋਵੇਗਾ। ਵਧੇਰੇ ਜਾਣਕਾਰੀ ਲਈ ਬਿਨੈਕਾਰ ਆਪਣੇ ਜ਼ਿਲ੍ਹਾ ਖ਼ੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦਫ਼ਤਰ ਜਾਂ ਨਜ਼ਦੀਕੀ ਸੇਵਾ ਕੇਂਦਰ/ਕਾਮਨ ਸਰਵਿਸ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ।

ਪਿਛਲੀ ਖ਼ਬਰ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਦਾ ਮੁੱਖ ਰਸਤੇ ਦੀ ਖਸਤਾ ਹਾਲਤ ਨੇ ਵਧਾਈ ਲੋਕਾਂ ਦੀ ਪ੍ਰੇਸ਼ਾਨੀ ਅਗਲੀ ਖ਼ਬਰ ਰੇਤਾ ਨਾਲ ਭਰੇ ਓਵਰਲੋਡ ਟਰਾਲਿਆਂ ਕਾਰਨ ਸੜਕਾਂ ਹੋ ਰਹੀਆਂ ਖ਼ਰਾਬ, ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਿਲਾਂ ਦਾ ਸਾਹਮਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।