11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸੰਸਕਾਰਾਂ ਦੀ ਪਾਠਸ਼ਾਲਾ ਬਣਿਆ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ

ਅਜੀਤ ਡੈਸਕ 07-07-2026
ਮੋਗਾ, 6 ਜੁਲਾਈ (ਸੁਰਿੰਦਰਪਾਲ ਸਿੰਘ)-ਆਧੁਨਿਕ ਸਿੱਖਿਆ ਦੇ ਨਾਲ-ਨਾਲ ਭਾਰਤੀ ਸੰਸਕ੍ਰਿਤੀ, ਨੈਤਿਕ ਕਦਰਾਂ-ਕੀਮਤਾਂ ਅਤੇ ਚੰਗੇ ਸੰਸਕਾਰਾਂ ਦਾ ਮੇਲ ਹੀ ਭਵਿੱਖ ਦੇ ਆਦਰਸ਼ ਨਾਗਰਿਕ ਤਿਆਰ ਕਰਦਾ ਹੈ। ਇਸੇ ਸੋਚ ਨੂੰ ਅਮਲ ਵਿਚ ਲਿਆਉਂਦਿਆਂ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਲੋਂ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਸਿੱਖਿਆ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਨਾ ਰੱਖ ਕੇ ਬੱਚਿਆਂ ਦੇ ਸਰਬਪੱਖੀ ਵਿਕਾਸ ਦਾ ਪ੍ਰਭਾਵਸ਼ਾਲੀ ਮਾਧਿਅਮ ਬਣਾਇਆ ਜਾ ਰਿਹਾ ਹੈ। ਸਕੂਲ ਵਿਚ ਫਾਊਂਡੇਸ਼ਨ ਸਟੇਜ ਕਰਿਕੁਲਮ ਤਹਿਤ ਸ਼ੁਰੂ ਕੀਤੀ ਗਈ ਸਟੋਰੀ ਬੇਸਡ ਲਰਨਿੰਗ ਗਤੀਵਿਧੀ ਰਾਹੀਂ ਨੰਨ੍ਹੇ ਵਿਦਿਆਰਥੀਆਂ ਵਿਚ ਸੰਸਕਾਰ, ਨੈਤਿਕਤਾ, ਸੰਵੇਦਨਸ਼ੀਲਤਾ, ਆਤਮ-ਵਿਸ਼ਵਾਸ, ਰਚਨਾਤਮਿਕਤਾ ਅਤੇ ਜੀਵਨ ਮੁੱਲਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਪ੍ਰਾਇਮਰੀ ਵਿੰਗ ਦੀ ਹੈੱਡ ਮਿਸਟ੍ਰੈੱਸ ਰੂਹੀ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਿਸ਼ੇਸ਼ ਗਤੀਵਿਧੀ ਦਾ ਉਦੇਸ਼ ਬੱਚਿਆਂ ਵਿਚ ਬਚਪਨ ਤੋਂ ਹੀ ਅਜਿਹੇ ਗੁਣ ਵਿਕਸਿਤ ਕਰਨਾ ਹੈ, ਜੋ ਉਨ੍ਹਾਂ ਨੂੰ ਜ਼ਿੰਮੇਵਾਰ, ਅਨੁਸ਼ਾਸਿਤ, ਸੰਵੇਦਨਸ਼ੀਲ ਅਤੇ ਕਾਮਯਾਬ ਨਾਗਰਿਕ ਬਣਨ ਲਈ ਪ੍ਰੇਰਿਤ ਕਰਨ। ਇਸ ਦੌਰਾਨ ਕਲਾਸ-ਰੂਮ ਦਾ ਮਾਹੌਲ ਇਕ ਪ੍ਰੇਰਨਾਦਾਇਕ ਸਿੱਖਣ ਮੰਚ ਵਿਚ ਤਬਦੀਲ ਹੋ ਗਿਆ, ਜਿੱਥੇ ਬੱਚਿਆਂ ਨੇ ਸਿਰਫ਼ ਕਹਾਣੀ ਸੁਣੀ ਹੀ ਨਹੀਂ, ਸਗੋਂ ਉਸ ਦੇ ਪਾਤਰਾਂ ਅਤੇ ਸੰਦੇਸ਼ ਨੂੰ ਆਪਣੇ ਜੀਵਨ ਨਾਲ ਜੋੜ ਕੇ ਸਮਝਿਆ। ਸੈਸ਼ਨ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਵਿਸ਼ਵ ਪ੍ਰਸਿੱਧ ਪ੍ਰੇਰਨਾਦਾਇਕ ਕਹਾਣੀ ਪਿਆਸਾ ਕਾਂ ਬਹੁਤ ਹੀ ਦਿਲਚਸਪ ਅੰਦਾਜ਼ ਵਿਚ ਸੁਣਾਈ ਗਈ। ਅਧਿਆਪਕਾਂ ਨੇ ਸਾਧਾਰਨ ਭਾਸ਼ਾ, ਪ੍ਰਭਾਵਸ਼ਾਲੀ ਸੰਵਾਦ, ਹਾਵ-ਭਾਵ ਅਤੇ ਚਿੱਤਰਾਂ ਰਾਹੀਂ ਕਹਾਣੀ ਨੂੰ ਜੀਵੰਤ ਬਣਾ ਦਿੱਤਾ। ਕਹਾਣੀ ਤੋਂ ਬਾਅਦ ਬੱਚਿਆਂ ਨੂੰ ਸਮਝਾਇਆ ਗਿਆ ਕਿ ਜੀਵਨ ਵਿਚ ਚੁਣੌਤੀਆਂ ਹਰ ਕਿਸੇ ਦੇ ਸਾਹਮਣੇ ਆਉਂਦੀਆਂ ਹਨ ਪਰ ਧੀਰਜ, ਲਗਾਤਾਰ ਮਿਹਨਤ, ਸਿਆਣਪ ਅਤੇ ਸਕਾਰਾਤਮਿਕ ਸੋਚ ਨਾਲ ਹਰ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ। ਬੱਚਿਆਂ ਨੂੰ ਦੱਸਿਆ ਗਿਆ ਕਿ ਚੰਗੀਆਂ ਆਦਤਾਂ, ਮਿੱਠਾ ਬੋਲਣਾ, ਵੱਡਿਆਂ ਦਾ ਸਤਿਕਾਰ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੀ ਅਸਲ ਸੰਸਕਾਰਾਂ ਦੀ ਨਿਸ਼ਾਨੀ ਹੈ। ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਅਸਲ ਉਦੇਸ਼ ਸਿਰਫ਼ ਚੰਗੇ ਨੰਬਰ ਲਵਾਉਣਾ ਨਹੀਂ, ਸਗੋਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਸਕੂਲ ਦੀ ਡਾਇਰੈਕਟਰ ਸੁਨੀਤਾ ਗਰਗ ਨੇ ਕਿਹਾ ਕਿ ਬੱਚਿਆਂ ਦਾ ਮਨ ਬਹੁਤ ਕੋਮਲ ਅਤੇ ਗ੍ਰਹਿਣਸ਼ੀਲ ਹੁੰਦਾ ਹੈ। ਇਸ ਉਮਰ ਵਿਚ ਸੁਣਾਈਆਂ ਗਈਆਂ ਪ੍ਰੇਰਨਾਦਾਇਕ ਕਹਾਣੀਆਂ ਉਨ੍ਹਾਂ ਦੇ ਵਿਅਕਤੀਤਵ ‘ਤੇ ਡੂੰਘਾ ਅਸਰ ਛੱਡਦੀਆਂ ਹਨ। ਕਹਾਣੀ-ਕਥਨ ਬੱਚਿਆਂ ਦੀ ਭਾਸ਼ਾ, ਕਲਪਨਾ ਸ਼ਕਤੀ, ਤਰਕਸ਼ੀਲ ਸੋਚ, ਰਚਨਾਤਮਿਕਤਾ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਵਿਸ਼ਵਾਸ ਹੈ ਕਿ ਸਿੱਖਿਆ ਤਦ ਹੀ ਸਾਰਥਿਕ ਹੈ ਜਦੋਂ ਉਹ ਬੱਚੇ ਨੂੰ ਸਿਰਫ਼ ਵਧੀਆ ਵਿਦਿਆਰਥੀ ਹੀ ਨਹੀਂ, ਸਗੋਂ ਇਕ ਚੰਗਾ ਇਨਸਾਨ ਵੀ ਬਣਾਏ।
ਪਿਛਲੀ ਖ਼ਬਰ ਚੌਧਰੀ ਜਸਵੰਤ ਸਿੰਘ ਅਕਾਲੀ ਦਲ ਐਸ.ਸੀ. ਵਿੰਗ ਦੇ ਸਰਕਲ ਪ੍ਰਧਾਨ ਬਣੇ ਅਗਲੀ ਖ਼ਬਰ ਕਵਿੱਤਰੀ ਰੂਹੀ ਸਿੰਘ ਅਤੇ ਕਹਾਣੀਕਾਰ ਅਲਫ਼ਾਜ਼ ਹੋਏ ਮਹਿੰਦਰ ਸਾਥੀ ਕਾਵਿ ਤੇ ਜਰਨੈਲ ਸੇਖਾ ਗਲਪ ਪੁਰਸਕਾਰਾਂ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।