ਅਜੀਤਵਾਲ, 23 ਜੂਨ (ਹਰਦੇਵ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੀ ਚੜ੍ਹਦੀ ਕਲਾ ਅਤੇ ਪ੍ਰਚਾਰ ਲਈ ਕੈਨੇਡਾ ਦੌਰੇ ’ਤੇ ਗਏ ਪਾਰਟੀ ਨੁਮਾਇੰਦਿਆਂ ਵਲੋਂ ਪੰਜਾਬੀ ਭਾਈਚਾਰੇ ਅਤੇ ਪਾਰਟੀ ਹਮਾਇਤੀਆਂ ਨਾਲ ਮਿਲ ਕਿ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਇਨ੍ਹਾਂ ਪਾਰਟੀ ਨੁਮਾਇੰਦਿਆਂ ਵਿਚ ਸਾਬਕਾ ਚੇਅਰਮੈਨ (ਸਿਹਤ ਸੇਵਾਵਾਂ ਪੰਜਾਬ) ਅਤੇ ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵੀ ਮੌਜੂਦ ਹਨ ਜਿਨ੍ਹਾਂ ਦਾ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਟੋਰਾਂਟੋ ਵਿਖੇ ਹੋਈ ਇਕੱਤਰਤਾ ਸਮੇਂ ਉੱਘੀਆਂ ਨੌਜਵਾਨ ਸ਼ਖਸੀਅਤਾਂ ਨੇ ਬਰਜਿੰਦਰ ਸਿੰਘ ਮੱਖਣ ਬਰਾੜ ਦਾ ਨਿੱਘਾ ਸਵਾਗਤ ਕੀਤਾ। ਇੱਥੇ ਮੌਜੂਦ ਸਿਮਰਨਜੋਤ ਸਿੰਘ, ਗੁਰਪ੍ਰੀਤ ਸਿੰਘ, ਸੁਖਮਨਦੀਪ ਸਿੰਘ, ਗੁਰਜੀਤ ਸਿੰਘ, ਮਨਜਿੰਦਰ ਸਿੰਘ, ਹਰਜੋਤ ਸਿੰਘ ਆਦਿ ਨੇ ਦੱਸਿਆ ਕਿ ਕੈਨੇਡਾ ਵੱਸਦੇ ਪੰਜਾਬੀ ਪੰਜਾਬ ਦੇ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਹਾਲਾਤ ਅਤੇ ਗੰਭੀਰ ਮੁੱਦਿਆਂ ਨੂੰ ਲੈ ਕਿ ਬਹੁਤ ਫਿਕਰਮੰਦ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਵਿਚ ਰਾਜ ਸਮੇਂ ਸਾਰੇ ਵਰਗ ਖੁਸ਼ਹਾਲੀ ਵੱਲ ਜਾ ਰਹੇ ਸਨ। ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਉਸਾਰੂ ਸੋਚ ਸਦਕਾ ਜੋ ਤਰੱਕੀ ਪੰਜਾਬ ਨੇ ਕੀਤੀ ਸੀ ਉਸ ਵਿਚ ਹੋਏ ਨਿਘਾਰ ਤੋਂ ਮੁਕਤੀ ਅਤੇ ਪੰਜਾਬ ਦੀ ਫੇਰ ਸਾਰੇ ਦੇਸ਼ ਵਿਚ ਨੰਬਰ ਇਕ ’ਤੇ ਵੇਖਣ ਦੀ ਆਸ ਵਿਦੇਸ਼ਾਂ ’ਚ ਬੈਠੇ ਪ੍ਰਵਾਸੀ ਅਕਾਲੀ ਦਲ ਤੋਂ ਲਾਈ ਬੈਠੇ ਹਨ ਤੇ ਪੰਜਾਬ ਵਿਚ ਮੁੜ ਅਕਾਲੀ ਸਰਕਾਰ ਵੇਖਣ ਲਈ ਉਤਾਵਲੇ ਹਨ। ਇਨ੍ਹਾਂ ਆਗੂਆਂ ਦੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਆਉਣ ਨਾਲ ਐਨ.ਆਰ.ਆਈ. ਭਾਈਚਾਰੇ ਵਲੋਂ ਪਾਰਟੀ ਸਮਰਥਕਾਂ ਤੇ ਵਰਕਰਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ ਤੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਕਾਲੀ ਦਲ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵਿਚਕਾਰ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰ ਰਹੀਆਂ ਹਨ ਜੋ 2027 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਵਿਚ ਵੱਡਾ ਯੋਗਦਾਨ ਸਾਬਤ ਹੋ ਸਕਦੀਆਂ ਹਨ। ਅਕਾਲੀ ਸਰਕਾਰ ਸਮੇਂ ਕੀਤੇ ਵੱਡੇ ਵਿਕਾਸ ਕਾਰਜਾਂ ਲਈ ਜਾਣੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਵੱਡੇ ਇਕੱਠਾਂ ਸਮੇਤ ਨੁੱਕੜ ਮੀਟਿੰਗਾਂ ਵਿਚ ਵੀ ਵੱਡੀ ਸ਼ਮੂਲੀਅਤ ਨਾਲ ਪੰਜਾਬੀ ਭਾਈਚਾਰੇ ਨੇ ਅਕਾਲੀ ਦਲ ਪ੍ਰਤੀ ਪਿਆਰ ਤੇ ਖਿੱਚ ਦਿਖਾਈ ਹੈ ਤੇ ਆਉਂਦੀਆਂ 2027 ਦੀਆਂ ਚੋਣਾਂ ਵਿਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਵਾਇਆ ਹੈ।
ਪਾਰਟੀ ਦੀ ਚੜ੍ਹਦੀ ਕਲਾ ਲਈ ਕੈਨੇਡਾ ਗਏ ਅਕਾਲੀ ਆਗੂਆਂ ਵਲੋਂ ਪੰਜਾਬੀ ਭਾਈਚਾਰੇ ਨਾਲ ਮੇਲ-ਮਿਲਾਪ
ਅਜੀਤ ਡੈਸਕ
24-06-2026