ਮੋਗਾ, 23 ਜੂਨ (ਸੁਰਿੰਦਰਪਾਲ ਸਿੰਘ)-ਆਜ਼ਾਦ ਕਿਸਾਨ ਮੋਰਚਾ ਪੰਜਾਬ (ਏ.ਕੇ.ਐਮ.ਪੰਜਾਬ ਫੋਰਮ) ਦੀਆਂ ਸਮੂਹ ਜਥੇਬੰਦੀਆਂ ਵਲੋਂ ਮੋਗਾ ਜ਼ਿਲ੍ਹੇ ਦਾ ਕੜਾਹੇ ਵਾਲਾ ਟੋਲ ਪਲਾਜ਼ਾ ਪ੍ਰਬੰਧਨ ਅਤੇ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਦਿੱਤੀ ਬੰਦ ਕਰਨ ਦੀ ਕਾਲ ਨੂੰ ਕਿਸਾਨਾਂ ਅਤੇ ਨੌਜਵਾਨਾਂ ਵਲੋਂ ਭਰਪੂਰ ਸਮਰਥਨ ਮਿਲਿਆ। ਇਸ ਮੌਕੇ ਵੱਡੀ 3 ਵਿਚ ਕਿਸਾਨਾਂ, ਨੌਜਵਾਨਾਂ ਅਤੇ ਕਿਸਾਨ ਆਗੂਆਂ ਨੇ ਇਕੱਠੇ ਹੋ ਕੇ ਕਿਸਾਨੀ ਮੰਗਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਸੰਘਰਸ਼ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਆਗੂਆਂ ਸੁੱਖ ਗਿੱਲ ਮੋਗਾ, ਸਤਨਾਮ ਸਿੰਘ ਹਰੀਕੇ, ਜਸਬੀਰ ਸਿੰਘ ਆਹਲੂਵਾਲੀਆ ਅਤੇ ਨਛੱਤਰ ਸਿੰਘ ਬਿਜਲੀ ਨੰਗਲ ਨੇ ਕਿਹਾ ਕਿ ਕਿਸਾਨਾਂ ਦੀ ਏਕਤਾ ਅਤੇ ਜਜ਼ਬੇ ਸਦਕਾ ਟੋਲ ਪਲਾਜ਼ਾ ਬੰਦ ਦੀ ਕਾਲ ਪੂਰੀ ਤਰ੍ਹਾਂ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ ਅਤੇ ਕਿਸੇ ਵੀ ਹਾਲਤ ਵਿਚ ਕਿਸਾਨ ਵਿਰੋਧੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਥ ਦੋਖੀ ਕਰਾਰ ਦਿੱਤਾ ਹੈ, ਇਸ ਕਰਕੇ ਏ.ਕੇ.ਐਮ ਵਲੋਂ 24 ਜੂਨ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਸਵੇਰੇ 11 ਵਜੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਪੁਤਲੇ ਫੂਕੇ ਜਾਣਗੇ ਏ.ਕੇ.ਐਮ. ‘ਚ ਸ਼ਾਮਲ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ‘ਚ ਵੱਡੇ ਇਕੱਠ ਕਰਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਜਾਵੇ। ਮੋਰਚੇ ਦੇ ਆਗੂਆਂ ਨੇ ਏ.ਕੇ.ਐਮ. ਫੋਰਮ ਦੀਆਂ ਸਮੂਹ ਜਥੇਬੰਦੀਆਂ, ਕਿਸਾਨ ਆਗੂਆਂ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਏਕਤਾ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਕਿਸਾਨ ਵਰਗ ਇਸੇ ਤਰ੍ਹਾਂ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਰਹੇਗਾ। ਇਸ ਮੌਕੇ ਦਲਜੀਤ ਸਿੰਘ ਸਰਪੰਚ ਬੀ.ਕੇ.ਯੂ. ਤੋਤੇ ਵਾਲ ਨੇ ਸਟੇਜ ਦੀ ਕਾਰਵਾਈ ਚਲਾਈ। ਇਸ ਮੌਕੇ ਹੋਰਨਾਂ ਤੋ ਇਲਾਵਾ ਅਮਰਦੀਪ ਸਿੰਘ ਸਰਪੰਚ, ਭੁਪਿੰਦਰ ਸਿੰਘ ਕਾਨੇਵਾਲ, ਗੁਰਜੀਤ ਸਿੰਘ, ਹਰਮਨ ਸਿੰਘ ਕੜਾਹੇ ਵਾਲਾ, ਆਤਮਾ ਸਿੰਘ, ਭਜਨ ਸਿੰਘ ਰੋੜੀ ਵਾਲਾ, ਰਮਨਦੀਪ ਸਿੰਘ ਰਸੂਲਪੁਰ, ਚੰਦਨ ਕੰਧਾਰੀ, ਕੁਲਦੀਪ ਸਿੰਘ ਸਿੱਧੂ, ਪਰਮਜੀਤ ਸਿੰਘ, ਮਨੂ ਮਾਹੀ, ਪਿੱਪਲ ਸਿੰਘ ਕੋਟ ਸਦਰ ਖਾਂ, ਪੋਪਲ ਮੁਦਕੀ, ਦੀਪ ਮੁਦਕੀ, ਸੁਖਮੰਦਰ ਸਿੰਘ ਮਿਸ਼ਰੀ ਵਾਲਾ, ਜਗਦੀਸ਼ ਸਿੰਘ ਮਿਸ਼ਰੀ ਵਾਲਾ, ਗੁਰਮੀਤ ਸਿੰਘ ਮੂਸੇਵਾਲਾ, ਸੁਰਜੀਤ ਸਿੰਘ ਮੂਸੇ ਵਾਲਾ, ਤਰਨਜੀਤ ਸਿੰਘ ਕਰਮੂਵਾਲਾ, ਕੁਲਵੀਰ ਸਿੰਘ ਕੰਗ, ਗੁਰਚਰਨ ਸਿੰਘ, ਬੋਹੜ ਸਿੰਘ ਦਾਨੇ ਵਾਲ, ਸੁੱਖ ਮੱਲ੍ਹੀ ਕਪੂਰਥਲਾ, ਸਰਬਜੀਤ ਕਾਲਾ ਕਪੂਰਥਲਾ, ਸੁਖਮਨ ਹਰਾਜ, ਧਨਵੰਤ ਹਰਾਜ, ਮਨਦੀਪ ਸਿੰਘ ਮੰਨਾ ਕਪੂਰਥਲਾ, ਜਗਤਾਰ ਸਿੰਘ ਦਾਨੇਵਾਲਾ, ਹਰਮਨਦੀਪ ਸਿੰਘ ਦਾਨੇਵਾਲਾ, ਗੁਰਜੀਤ ਸਿੰਘ ਕੜਾਹੇ ਵਾਲਾ, ਬੇਅੰਤ ਸਿੰਘ ਕੜਾਹੇ ਵਾਲਾ, ਰਛਪਾਲ ਸਿੰਘ ਕੋਟ ਸਦਰ ਖਾਂ, ਪ੍ਰਤਾਪ ਸਿੰਘ ਕੋਟ ਸਦਰ ਖਾਂ, ਕੁਲਜੀਤ ਰੌਂਤਾ, ਚੰਦਨ ਰੌਂਤਾ ਆਦਿ ਹਾਜ਼ਰ ਸਨ।
ਕੜਾਹੇ ਵਾਲਾ ਟੋਲ ਪ੍ਰਬੰਧਨ ਅਤੇ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਕਿਸਾਨਾਂ ਨੇ ਪੂਰਾ ਦਿਨ ਰੱਖਿਆ ਟੋਲ ਮੁਕਤ - ਏ.ਕੇ.ਐਮ. ਪੰਜਾਬ
ਅਜੀਤ ਡੈਸਕ
24-06-2026