ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)-ਸਾਬਕਾ ਵਿਧਾਇਕ ਤੇ ਉੱਘੇ ਕਾਰੋਬਾਰੀ ਕੇਵਲ ਸਿੰਘ ਢਿੱਲੋਂ ਦੇ ਸੂਬਾ ਪ੍ਰਧਾਨ ਬਣਨ ਨਾਲ ਭਾਜਪਾ ਪੰਜਾਬ ਵਿਚ ਹੋਰ ਮਜ਼ਬੂਤ ਹੋਵੇਗੀ ਕਿਉਂਕਿ ਉਹ ਇਕ ਸਫਲ ਰਾਜਨੀਤੀਵਾਨ ਹਨ ਅਤੇ ਸਿਆਸਤ ਵਿਚ ਉਨ੍ਹਾਂ ਦਾ ਵੱਡਾ ਤਜਰਬਾ ਅਤੇ ਪੰਜਾਬ ਵਿਚ ਸਿੱਖ ਚਿਹਰਾ ਆਉਣ ਨਾਲ ਹੁਣ ਦੂਸਰੀਆਂ ਪਾਰਟੀਆਂ ਛੱਡ ਕੇ ਕਈ ਸਿੱਖ ਚਿਹਰੇ ਭਾਜਪਾ ਵਿਚ ਆਉਣਗੇ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਆਪਣੀ ਸਰਕਾਰ ਬਣਾਏਗੀ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਮੁਖ਼ਤਿਆਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਹੁਣੇ ਹੁਣੇ ਹੋਈਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਭਾਜਪਾ ਨੇ ਆਪਣਾ ਚੰਗਾ ਪ੍ਰਦਰਸ਼ਨ ਹੀ ਨਹੀਂ ਕੀਤਾ ਸਗੋਂ ਤਿੰਨ ਜਗ੍ਹਾ 'ਤੇ ਨਗਰ ਨਿਗਮ ਲਈ ਭਾਜਪਾ ਨੇ ਸਪਸ਼ਟ ਬਹੁਮਤ ਹਾਸਲ ਕੀਤਾ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ ਅੰਦਰ ਪਹਿਲਾਂ ਭਾਜਪਾ ਦਾ ਇਕ ਹੀ ਕੌਂਸਲਰ ਸੀ ਪਰ ਸੱਤਾਧਾਰੀ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦੇ ਬਾਵਜੂਦ ਵੀ ਤਿੰਨ ਕੌਂਸਲਰ ਚੁਣੇ ਗਏ ਹਨ | ਸੰਧੂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵਿਚ ਸੱਤਾਧਾਰੀ ਸਰਕਾਰ ਨੇ ਹਰ ਹਰਬਾ ਵਰਤ ਕੇ ਚੋਣਾਂ ਹਥਿਆ ਤਾਂ ਲਈਆਂ ਪਰ ਇਸ ਧੱਕੇਸ਼ਾਹੀ ਦਾ ਜਵਾਬ ਲੋਕ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਗੇ ਅਤੇ ਆਪ ਪਾਰਟੀ ਦਾ ਲੋਕ ਭੋਗ ਪਾ ਦੇਣਗੇ | ਉਨ੍ਹਾਂ ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਜਪਾ ਹਾਈਕਮਾਂਡ ਦਾ ਫ਼ੈਸਲਾ ਪ੍ਰਸ਼ੰਸਾਯੋਗ ਹੈ ਕਿ ਇਕ ਸਿੱਖ ਚਿਹਰੇ ਨੂੰ ਅੱਗੇ ਲਿਆਂਦਾ ਹੈ |