ਠੱਠੀ ਭਾਈ, 31 ਮਾਰਚ (ਜਗਰੂਪ ਸਿੰਘ ਮਠਾੜੂ)-ਇਲਾਕੇ 'ਚ ਅੱਜ ਹੋਈ ਅਚਾਨਕ ਬਾਰਸ਼ ਤੇ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਣ ਗਈ ਹੈ | ਇਸ ਮੌਸਮੀ ਤਬਦੀਲੀ ਨਾਲ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ | ਜਾਣਕਾਰੀ ਅਨੁਸਾਰ ਕਈ ਪਿੰਡਾਂ ਵਿਚ ਬਾਰਸ਼ ਦੇ ਨਾਲ ਚੱਲੀਆਂ ਤਿੱਖੀਆਂ ਹਵਾਵਾਂ ਕਾਰਨ ਖੇਤਾਂ ਵਿਚ ਖੜੀ ਪੱਕੀ ਕਣਕ ਵਿਛ ਗਈ, ਜਿਸ ਨਾਲ ਫ਼ਸਲ ਦੀ ਗੁਣਵੱਤਾ ਤੇ ਪੈਦਾਵਾਰ 'ਤੇ ਅਸਰ ਪੈਣ ਦਾ ਡਰ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਕਟਾਈ ਦੇ ਬਿਲਕੁਲ ਨੇੜੇ ਸਮੇਂ 'ਚ ਹੋਈ ਇਹ ਬਾਰਸ਼ ਉਨ੍ਹਾਂ ਲਈ ਵੱਡੀ ਚਿੰਤਾ ਦਾ ਕਾਰਨ ਬਣ ਗਈ ਹੈ | ਕਿਸਾਨਾਂ ਨੇ ਦੱਸਿਆ ਕਿ ਜੇ ਮੌਸਮ ਹੋਰ ਖ਼ਰਾਬ ਰਹਿੰਦਾ ਹੈ ਤਾਂ ਫ਼ਸਲ ਵਿਚ ਨਮੀ ਵਧਣ ਨਾਲ ਦਾਣਾ ਕਾਲਾ ਹੋ ਸਕਦਾ ਹੈ ਤੇ ਮੰਡੀ 'ਚ ਉਨ੍ਹਾਂ ਨੂੰ ਠੀਕ ਭਾਅ ਨਹੀਂ ਮਿਲੇਗਾ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਬਾਰਸ਼ ਤੇ ਹਨੇਰੀਆਂ ਕਾਰਨ ਡਿੱਗ ਚੁੱਕੀ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ | ਇਲਾਕੇ ਦੇ ਕਿਸਾਨਾਂ ਦੀ ਨਿਗਾਹ ਹੁਣ ਮੌਸਮ 'ਤੇ ਟਿਕੀ ਹੋਈ ਹੈ ਤੇ ਉਹ ਰੱਬ ਅੱਗੇ ਸੁਹਾਵਣੇ ਮੌਸਮ ਦੀ ਅਰਦਾਸ ਕਰ ਰਹੇ ਹਨ |