ਨਵੀਂ ਦਿੱਲੀ, 28 ਨਵੰਬਰ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਿਹਾ ਹੈ ਕਿ ਪੰਜਾਬ ਵਿਚ ਅਨਾਜ ਦੀ ਖਰੀਦ ਤੇ ਭੰਡਾਰਨ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਤੇ ਬੇਨਿਯਮੀਆਂ ਦੇ ਮਾਮਲੇ ਵਿਚ ਇਕ ਸੀਨੀਅਰ ਪੰਜਾਬ ਸਰਕਾਰ ਦੇ ਅਧਿਕਾਰੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਈ.ਡੀ. ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ 25 ਤੇ 26 ਨਵੰਬਰ ਨੂੰ ਕਈ ਕੰਪਨੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ । ਇਨ੍ਹਾਂ ਵਿਚ ਓਰੀਗੋ ਕਮੋਡਿਟੀਜ਼ ਇੰਡੀਆ ਪ੍ਰਾਈਵੇਟ ਲਿਮਟਿਡ, ਗ੍ਰੇਮਾਰਬਲ ਇਨਫਰਾ ਪ੍ਰਾਈਵੇਟ ਲਿਮਟਿਡ (ਜੀ.ਐੱਮ.ਆਈ.) ਅਤੇ ਸ਼ਿਵਾਲਿਕ ਐਗਰੋ ਪੋਲੀ ਪ੍ਰੋਡਕਟਸ ਲਿਮਟਿਡ ਸ਼ਾਮਿਲ ਹਨ । ਏਜੰਸੀ ਨੇ ਹਾਲਾਂਕਿ ਸੰਬੰਧਿਤ ਸੀਨੀਅਰ ਅਧਿਕਾਰੀ ਦਾ ਨਾਂਅ ਜਨਤਕ ਨਹੀਂ ਕੀਤਾ । ਈ.ਡੀ. ਮੁਤਾਬਕ ਸਾਲ 2019-20 ਦੌਰਾਨ ਪਨਗ੍ਰੇਨ ਵਲੋਂ ਦਿੱਤੇ ਗਏ ਠੇਕਿਆਂ ਵਿਚ ਓਰੀਗੋ ਕੰਪਨੀ ਨੂੰ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਲਾਭ ਪਹੁੰਚਾਇਆ ਗਿਆ। ਇਸ ਦੇ ਬਦਲੇ ਰਿਸ਼ਵਤ ਲੈਣ ਤੇ ਸਰਕਾਰੀ ਖ਼ਜ਼ਾਨੇ ਨੂੰ ਕਈ ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ । ਈ.ਡੀ. ਨੇ ਇਹ ਵੀ ਦੱਸਿਆ ਕਿ ਕਥਿਤ ਭ੍ਰਿਸ਼ਟਾਚਾਰ ਰਾਹੀਂ ਕਮਾਈ ਗਈ ਰਕਮ ਦਾ ਇੱਕ ਹਿੱਸਾ ਅਧਿਕਾਰੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਨਾਂਅ ’ਤੇ ਜ਼ਮੀਨ ਖਰੀਦਣ ਵਿਚ ਲਗਾਏ ਜਾਣ ਦਾ ਸ਼ੱਕ ਹੈ । ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਕ ਏਕੜ ਜ਼ਮੀਨ ਦੀ ਕੀਮਤ ਬਾਜ਼ਾਰ ਦਰ ਨਾਲੋਂ ਕਾਫ਼ੀ ਘੱਟ ਦਿਖਾਈ ਗਈ ਸੀ । ਇਸ ਤੋਂ ਇਲਾਵਾ, ਸ਼ਿਵਾਲਿਕ ਐਗਰੋ ਕੰਪਨੀ ਨਾਲ ਅਧਿਕਾਰੀ ਦੇ ਪਰਿਵਾਰਕ ਮੈਂਬਰਾਂ ਰਾਹੀਂ ਵਿੱਤੀ ਹਿੱਤ ਜੁੜੇ ਹੋਣ ਤੇ ਕੰਪਨੀ ਨੂੰ ਐੱਲ.ਡੀ.ਪੀ.ਈ. ਕਵਰਾਂ ਦੀ ਸਪਲਾਈ ਦੇ ਠੇਕੇ ਮਿਲਣ ਦੀ ਵੀ ਜਾਂਚ ਹੋ ਰਹੀ ਹੈ । ਇਹ ਹਵਾਲਾ ਰਾਸ਼ੀ ਸੰਬੰਧੀ ਜਾਂਚ ਸੀ.ਬੀ.ਆਈ. ਵਲੋਂ ਦਰਜ ਐੱਫ.ਆਈ.ਆਰ. ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਹੈ।