ਮਾਨਸਾ, 18 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤੇਵਾਲੀਆ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦਾ ਇਨਸਾਫ਼ ਲੈਣ ਲਈ ਬਣਾਈ ਗਈ ਐਕਸ਼ਨ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ 20 ਅਕਤੂਬਰ ਦੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੰਭਾਵੀ ਮਾਨਸਾ ਫੇਰੀ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ । ਕਮੇਟੀ ਦਾ ਇਹ ਵੀ ਆਖਣਾ ਹੈ ਕਿ ਉਹ ਝੋਟੇ ਦੇ ਪਰਿਵਾਰ ਨੂੰ ਮਿਲ ਕੇ ਬੇਨਤੀ ਕਰਨਗੇ ਕਿ ਗ੍ਰਹਿ ਮੰਤਰੀ ਨੂੰ ਨਾ ਮਿਲਿਆ ਜਾਵੇ । ਉਨ੍ਹਾਂ ਦਾ ਤਰਕ ਹੈ ਕਿ ਗੁਆਂਢੀ ਰਾਜਾਂ ਰਾਜਸਥਾਨ, ਹਰਿਆਣਾ ਤੋਂ ਇਲਾਵਾ ਗੁਜਰਾਤ ਰਾਹੀਂ ਨਸ਼ਾ ਪੰਜਾਬ ’ਚ ਆ ਰਿਹਾ ਹੈ, ਜਿਸ ਲਈ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ । ਦੇਰ ਸ਼ਾਮ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਮੈਂਬਰ ਮਾਨਿਕ ਗੋਇਲ, ਸੁਖਵਿੰਦਰ ਸਿੰਘ ਔਲਖ, ਰਾਜਵਿੰਦਰ ਸਿੰਘ ਰਾਣਾ, ਅਮਨ ਪਟਵਾਰੀ, ਪਰਮਿੰਦਰ ਸਿੰਘ ਬਾਲਿਆਂਵਾਲੀ, ਹਰਵਿੰਦਰ ਭਾਰਦਵਾਜ, ਗਗਨਦੀਪ ਸਿਰਸੀਵਾਲਾ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਖੇਤਰ ’ਚ 50 ਕਿੱਲੋਮੀਟਰ ਤੱਕ ਬੀ. ਐਸ . ਐਫ. ਤਾਇਨਾਤ ਹੈ, ਜੋ ਕੇਂਦਰ ਸਰਕਾਰ ਦੇ ਅਧੀਨ ਹੈ । ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਨਸ਼ਿਆਂ ਦਾ ਬੋਲਬਾਲਾ ਵਧਿਆ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਮੰਗਾਂ ਮਨਵਾਉਣ ਲਈ 19 ਅਕਤੂਬਰ ਨੂੰ ਸ਼ਾਮ ਸਮੇਂ ਪ੍ਰਸ਼ਾਸਨ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇਗੀ । ਇਸ ਦੇ ਨਾਲ ਹੀ ਇਨਸਾਫ਼ ਮੋਰਚਾ, ਰਾਜਨੀਤਕ ਪਾਰਟੀਆਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਮੰਤਰੀਆਂ ਤੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਨੂੰ 19 ਅਕਤੂਬਰ ਨੂੰ ਪੱਤਰ ਰਾਹੀਂ ਸਿੱਧਾ ਸਵਾਲ ਕੀਤਾ ਜਾਵੇਗਾ ਕਿ ਤੁਸੀਂ ਝੋਟਾ ਦੇ ਪਰਿਵਾਰ ਤੇ ਨਸ਼ਿਆਂ ਤੋਂ ਪੀੜਤ ਪੰਜਾਬ ਨਾਲ ਖੜ੍ਹੇ ਹੋ ਜਾਂ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨਾਲ ? ਉਨ੍ਹਾਂ ਤੋਂ ਕੁਝ ਮੰਗਾਂ ’ਤੇ ਪੱਖ ਸਪਸ਼ਟ ਕਰਨ ਤੇ ਤੁਰੰਤ ਮਨਵਾਉਣ ਲਈ ਵੀ ਕਿਹਾ ਜਾਵੇਗਾ ।
ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਸਾਹਮਣੇ ਅੱਜ ਦਿੱਤੇ ਜਾਣਗੇ ਧਰਨੇ
ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਇਨਸਾਫ਼ ਲੈਣ ਲਈ ਸਥਾਨਕ ਤਿੰਨਕੋਨੀ ’ਤੇ ਧਰਨਾ 6ਵੇਂ ਦਿਨ ਵੀ ਜਾਰੀ ਰਿਹਾ। ਧਰਨੇ ’ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਕੌਮੀ ਇਨਸਾਫ਼ ਮੋਰਚੇ ਦੇ ਆਗੂ ਨਿਹੰਗ-ਸਿੰਘ ਬਾਬਾ ਰਾਜਾ ਰਾਮ ਸਿੰਘ, ਫ਼ਿਲਮੀ ਅਦਾਕਾਰ ਤੇ ਉੱਘੇ ਗਾਇਕ ਬੱਬੂ ਮਾਨ, ਗਾਇਕ ਜੀ ਖ਼ਾਨ, ਸੀ.ਪੀ.ਆਈ. ਦੇ ਕੌਮੀ ਕੌਂਸਲਰ ਕਾ. ਹਰਦੇਵ ਅਰਸ਼ੀ, ਨੇਹਾ ਸ਼ੋਰੀ ਦੀ ਮਾਤਾ ਅਰੁਣ ਸ਼ੋਰੀ, ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਸੁਰਜੀਤ ਸਿੰਘ ਫੂਲ, ਭਾਈ ਗੁਰਦੀਪ ਸਿੰਘ ਬਠਿੰਡਾ, ਗੁਰਦੀਪ ਸਿੰਘ ਟਾਂਡਾ, ਅਧਿਆਪਕ ਆਗੂ ਦਿਗਵਿਜੇ ਪਾਲ ਸ਼ਰਮਾ, ਸਿੱਖ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ, ਵਿਧਾਇਕ ਹਰਮੀਤ ਸਿੰਘ ਪਠਾਣਮਾਜ਼ਰਾ, ਸੰਦੀਪ ਕੌਰ ਖਾਲਸਾ ਅੰਮ੍ਰਿਤਸਰ, ਫਰੀਡਮ ਫਾਈਟਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰ ਪਾਲ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਮਿੰਟੂ, ਲੱਖਾ ਸਿਧਾਣਾ, ਭਾਨਾ ਸਿੱਧੂ, ਪ੍ਰੋਫੈਸਰ ਮਨਜੀਤ ਸਿੰਘ, ਆਰ.ਟੀ.ਆਈ. ਕਾਰਕੁੰਨ ਮਾਨਿਕ ਗੋਇਲ, ਲਿਬਰੇਸ਼ਨ ਦੇ ਬੁਲਾਰੇ ਸੁਖਦਰਸ਼ਨ ਸਿੰਘ ਨੱਤ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਆਦਿ ਪਹੁੰਚੇ । ਪਰਵਿੰਦਰ ਸਿੰਘ ਝੋਟਾ ਦੇ ਪਿਤਾ ਸਾਬਕਾ ਫ਼ੌਜੀ ਭੀਮ ਸਿੰਘ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ 19 ਅਕਤੂਬਰ ਨੂੰ ਮੰਤਰੀਆਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ 12 ਤੋਂ 3 ਵਜੇ ਤੱਕ ਲਗਾਏ ਜਾ ਰਹੇ ਧਰਨਿਆਂ ’ਚ ਵੱਡੀ ਗਿਣਤੀ ’ਚ ਪਹੁੰਚਣ ਤੇ ਲਾਹਨਤੀ ਪੱਤਰ ਦੇ ਕੇ ਉਨ੍ਹਾਂ ਦੀ ਜ਼ਮੀਰ ਨੂੰ ਜਗਾਉਣ।