ਮੁੰਬਈ, 3 ਅਕਤੂਬਰ (ਪੀ.ਟੀ.ਆਈ.)-ਮੁੰਬਈ ਪੁਲਿਸ ਨੇ ਅੱਜ ‘ਕਾਕਰੋਚ ਜਨਤਾ ਪਾਰਟੀ’ (ਸੀ.ਜੇ.ਪੀ.) ਵੱਲੋਂ 2 ਅਕਤੂਬਰ ਨੂੰ ਸ਼ਿਵਾਜੀ ਪਾਰਕ ਵਿਖੇ ਕੀਤੇ ਗਏ ਪ੍ਰਦਰਸ਼ਨ ਦੇ ਸਬੰਧ ’ਚ ਪ੍ਰਬੰਧਕਾਂ ਤੇ 400-500 ਅਣਪਛਾਤੇ ਵਿਅਕਤੀਆਂ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਹੈ। ਸ਼ਿਵਾਜੀ ਪਾਰਕ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਗੈਰ-ਕਾਨੂੰਨੀ ਇਕੱਠ ਕਰਨ, ਸਰਕਾਰੀ ਅਧਿਕਾਰੀ ਵੱਲੋਂ ਜਾਰੀ ਕਾਨੂੰਨੀ ਹੁਕਮਾਂ ਦੀ ਜਾਣ-ਬੁੱਝ ਕੇ ਉਲੰਘਣਾ ਕਰਨ ਤੇ ਹੋਰ ਅਪਰਾਧਾਂ ਲਈ ‘ਭਾਰਤੀ ਨਿਆ ਸੰਹਿਤਾ’ ਤੇ ‘ਮਹਾਰਾਸ਼ਟਰ ਪੁਲਿਸ ਐਕਟ’ ਤਹਿਤ ਦਰਜ ਕੀਤਾ ਗਿਆ ਹੈ। ਭਾਰਤ ਨੇ ਪਾਕਿਸਤਾਨੀ ਰਾਜਦੂਤ ਨੂੰ ਕੀਤਾ ਤਲਬ ਨਵੀਂ ਦਿੱਲੀ, 3 ਅਕਤੂਬਰ (ਪੀ.ਟੀ.ਆਈ.)-ਭਾਰਤ ਨੇ ਪਾਕਿਸਤਾਨੀ ‘ਚਾਰਜ ਡੀ ਅਫੇਅਰਜ਼’ ਸਾਦ ਵਾਰਾਈਚ ਨੂੰ ਤਲਬ ਕੀਤਾ ਤਾਂ ਜੋ ਸਰਹੱਦ ਪਾਰੋਂ ਗੈਰ-ਕਾਨੂੰਨੀ ਘੁਸਪੈਠ ’ਚ ਇਸਲਾਮਾਬਾਦ ਵੱਲੋਂ ਕੀਤੀ ਜਾ ਰਹੀ ਲਗਾਤਾਰ ਮਦਦ ’ਤੇ ਸਖ਼ਤ ਇਤਰਾਜ਼ ਜਤਾਇਆ ਜਾ ਸਕੇ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸਰਹੱਦ ਪਾਰੋਂ ਘੁਸਪੈਠ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਗਤੀਵਿਧੀਆਂ ਤੇ ਇਨ੍ਹਾਂ ’ਚ ਪਾਕਿਸਤਾਨੀ ਸਰਹੱਦੀ ਸੁਰੱਖਿਆ ਬਲਾਂ ਦੀ ਮਿਲੀਭੁਗਤ ਦੀ ਜਾਂਚ ਕਰਨ ਤੇ ਢੁਕਵੇਂ ਸੁਧਾਰਾਤਮਕ ਕਦਮ ਚੁੱਕਣ ਲਈ ਕਿਹਾ ਗਿਆ ਹੈ।