ਪੰਥਕ ਸਿਆਸਤ ’ਚ ਆਇਆ ਭੁਚਾਲ
ਗੰਭੀਰ ਦੋਸ਼ ਲੱਗਣ ਬਾਅਦ ਭਾਈ ਚਾਵਲਾ ਵਲੋਂ ਸ਼੍ਰੋਮਣੀ ਕਮੇਟੀ ਮੈਂਬਰਸ਼ਿਪ ਤੇ ਅਕਾਲੀ ਦਲ ਦੇ ਅਹੁਦੇ ਤੋਂ ਅਸਤੀਫ਼ਾ
ਜਸਵੰਤ ਸਿੰਘ ਜੱਸ
ਅੰਮ੍ਰਿਤਸਰ, 16 ਸਤੰਬਰ- ਸ਼੍ਰੋਮਣੀ ਕਮੇਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੀਨੀਅਰ ਮੈਂਬਰ ਤੇ ਸਾਬਕਾ ਜਨ: ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਇਕ ਮਹਿਲਾ ਵਲੋਂ ਆਪਣੇ ਖ਼ਿਲਾਫ਼ ਪਿਛਲੇ ਦਿਨੀਂ ਜਬਰ ਜਨਾਹ ਦੇ ਗੰਭੀਰ ਕਥਿਤ ਦੋਸ਼ਾਂ ਤਹਿਤ ਦਰਜ ਕਰਾਈ ਗਈ ਐੱਫ. ਆਈ.
ਭ
ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਜਾਰੀ ਵੀਡੀਓ ਵਿਚੋਂ ਲਈ ਗਈ ਤਸਵੀਰ । ਅਜੀਤ ਤਸਵੀਰ
17-09-2026
ਅੰਮ੍ਰਿਤਸਰ, 16 ਸਤੰਬਰ- ਸ਼੍ਰੋਮਣੀ ਕਮੇਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੀਨੀਅਰ ਮੈਂਬਰ ਤੇ ਸਾਬਕਾ ਜਨ: ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਇਕ ਮਹਿਲਾ ਵਲੋਂ ਆਪਣੇ ਖ਼ਿਲਾਫ਼ ਪਿਛਲੇ ਦਿਨੀਂ ਜਬਰ ਜਨਾਹ ਦੇ ਗੰਭੀਰ ਕਥਿਤ ਦੋਸ਼ਾਂ ਤਹਿਤ ਦਰਜ ਕਰਾਈ ਗਈ ਐੱਫ.ਆਈ.ਆਰ. ਨੂੰ ਝੂਠਾ ਅਤੇ ਨਿਰਆਧਾਰ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਇਖ਼ਲਾਕੀ ਤੌਰ ’ਤੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ । ਸੀਨੀਅਰ ਪੰਥਕ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਚਾਵਲਾ ਦੇ ਖਿਲਾਫ਼ ਇਹ ਮਾਮਲਾ ਸਾਮਣੇ ਆਉਣ ਤੋਂ ਬਾਅਦ ਪੰਥਕ ਅਤੇ ਸਿਆਸੀ ਗਲਿਆਰਿਆਂ ਵਿਚ ਇਕ ਤਰ੍ਹਾਂ ਭੁਚਾਲ ਆ ਗਿਆ ਹੈ ਅਤੇ ਮੀਡੀਆ ਤੇ ਸੋਸ਼ਲ ਮੀਡੀਆ ’ਤੇ ਤਰ੍ਹਾਂ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਹੈ । ਇਸੇ ਦੌਰਾਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਅਪਲੋਡ ਕੀਤੀ ਵੀਡੀਓ ਦੁਆਰਾ ਤੇ ਫੋਨ ’ਤੇ ਗੱਲ ਕਰਦਿਆਂ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਕਥਿਤ ਸਾਜਿਸ਼ ਤਹਿਤ ਦੋਸ਼ ਲਗਾਏ ਜਾਣ ਬਾਅਦ ਉਨ੍ਹਾਂ ਨੇ ਇਖ਼ਲਾਕੀ ਤੌਰ ’ਤੇ ਆਪਣੇ ਅਸਤੀਫ਼ੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤੇ ਹਨ । ਭਾਈ ਚਾਵਲਾ ਨੇ ਕਿਹਾ ਕਿ ਪੰਥਕ ਸਫ਼ਾਂ ਵਿਚ ਸਰਗਰਮ ਹੋਣ ਕਾਰਨ ਉਨ੍ਹਾਂ ਖ਼ਿਲਾਫ਼ ਇਕ ਵੱਡੀ ਸਾਜ਼ਿਸ਼ ਤਹਿਤ ਕਥਿਤ ਤੌਰ ’ਤੇ ਦੋਸ਼ ਲਗਾ ਕੇ ਅਤੇ ਲਗਵਾ ਕੇ ਝੂਠੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਤੇ ਮੇਰੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਨੈਤਿਕ ਤੌਰ ’ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਹੇ ਹਨ ਅਤੇ ਜਦੋਂ ਤੱਕ ਉਹ ਇਨ੍ਹਾਂ ਦੋਸ਼ਾਂ ਤੋਂ ਦੋਸ਼ ਮੁਕਤ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸੇ ਅਹੁਦੇ ’ਤੇ ਸੇਵਾ ਨਹੀਂ ਕਰਨਗੇ। ਭਾਈ ਚਾਵਲਾ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਜੀਵਨ ਸੰਘਰਸ਼ਮਈ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਵਲੋਂ ਮਿਲੀ ਹਰ ਸੇਵਾ ਨੂੰ ਉਨ੍ਹਾਂ ਹਮੇਸ਼ਾਂ ਤਨਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ ਹੈ । ਉਨ੍ਹਾਂ ਕਿਹਾ ਕਿ ਇਕ ਮਹਿਲਾ ਵਲੋਂ ਉਨ੍ਹਾਂ ਖ਼ਿਲਾਫ਼ ਲਗਾਏ ਗਏ ਦੋਸ਼ਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਦੀ ਅਸਲੀਅਤ ਉਹ ਜਲਦੀ ਹੀ ਲੋਕਾਂ ਦੇ ਸਾਹਮਣੇ ਲਿਆਉਣਗੇ ਤੇ ਮਾਮਲੇ ਦੀ ਜਾਂਚ ਦੌਰਾਨ ਆਪਣੇ ਆਪ ਨੂੰ ਸਾਰੇ ਸਿਆਸੀ ਅਤੇ ਧਾਰਮਿਕ ਅਹੁਦਿਆਂ ਤੋਂ ਵੱਖ ਰੱਖਣਗੇ। ਮਾਮਲੇ ਦੀ ਜਾਂਚ ਲਈ ਵਕੀਲਾਂ ਦੀ ਕਮੇਟੀ ਦਾ ਗਠਨ ਕਰਾਂਗੇ-ਪ੍ਰਧਾਨ ਧਾਮੀ ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੱਲਬਾਤ ਦੌਰਾਨ ਭਾਈ ਚਾਵਲਾ ’ਤੇ ਜਬਰ ਜਨਾਹ ਦੇ ਲੱਗੇ ਦੋਸ਼ਾਂ ਬਾਅਦ ਉਨ੍ਹਾਂ ਵਲੋਂ ਅਸਤੀਫ਼ਾ ਦੇਣ ਸੰਬੰਧੀ ਪੁੱਛੇ ਜਾਣ ’ਤੇ ਭਾਈ ਚਾਵਲਾ ਵਲੋਂ ਅਸਤੀਫ਼ਾ ਦਿੱਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਗੰਭੀਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਵਕੀਲਾਂ ਦੀ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਭਾਈ ਚਾਵਲਾ ਵਲੋਂ ਦਿੱਤੇ ਅਸਤੀਫ਼ੇ ਬਾਰੇ ਵੀ ਆਉਂਦੇ ਦਿਨਾਂ ਵਿਚ ਵਿਚਾਰ ਕੀਤਾ ਜਾਵੇਗਾ । ਕੀ ਹੈ ਮਾਮਲਾ : ਇਸੇ ਦੌਰਾਨ ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ਨਿਵਾਸੀ ਅਤੇ ਕਾਫ਼ੀ ਸਮੇਂ ਤੋਂ ਬਹਿਰੀਨ ਵਿਖੇ ਰਹਿ ਰਹੀ ਇਕ ਔਰਤ ਵਲੋਂ ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਵਿਚ ਦੋਸ਼ ਲਾਇਆ ਗਿਆ ਹੈ ਕਿ ਅਮਰਜੀਤ ਸਿੰਘ ਚਾਵਲਾ ਵਲੋਂ ਉਨ੍ਹਾਂ ਨਾਲ ਉਸ ਵੇਲੇ ਕਈ ਵਾਰ ਕਥਿਤ ਤੌਰ ’ ਤੇ ਜਬਰ ਜਨਾਹ ਕੀਤਾ ਗਿਆ ਜਦੋਂ ਉਹ ਉੱਥੇ ਯਾਤਰੀ ਨਿਵਾਸ ਵਿਚ ਰਹਿੰਦੇ ਰਹੇ ਸਨ । ਜਾਣਕਾਰ ਸੂਤਰਾਂ ਤੋਂ ਇਹ ਵੀ ਪੱਤਾ ਲੱਗਾ ਹੈ ਕਿ ਉਕਤ ਔਰਤ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਕੁਝ ਆਗੂਆਂ ਦੇ ਸੱਦੇ ’ਤੇ ਪਿਛਲੇ ਵਰ੍ਹੇ ਦੇ ਅਖੀਰ ਵਿਚ ਪੰਜਾਬ ਪੁੱਜੇ ਸਨ ਤੇ ਉਸ ਵੇਲੇ ਤੋਂ ਹੀ ਸ੍ਰੀ ਅਨੰਦਪੁਰ ਸਾਹਿਬ ਸਮੇਤ ਸ਼੍ਰੋਮਣੀ ਕਮੇਟੀ ਦੀਆਂ ਵੱਖ ਵੱਖ ਸਰਾਵਾਂ ਵਿਚ ਨਿਵਾਸ ਰੱਖ ਰਹੇ ਸਨ । ਜਾਣਕਾਰੀ ਅਨੁਸਾਰ ਉਕਤ ਔਰਤ ਵਲੋਂ ਐੱਫ. ਆਈ. ਆਰ. ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਉਸਨੇ ਆਪਣੇ ਨਾਲ ਹੋਈਆਂ ਕਥਿਤ ਵਧੀਕੀਆਂ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਉਨ੍ਹਾਂ ਦੇ ਦਫਤਰ ਦੇ ਕੁਝ ਅਧਿਕਾਰੀਆਂ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਦੇ ਪੀ. ਏ. ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਦਿ ਨੂੰ ਵੀ ਜਾਣੂੰ ਕਰਵਾਇਆ ਗਿਆ ਸੀ, ਪਰ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ । ਭਾਵੇਂ ਕਿ ਉਨ੍ਹਾਂ ਵਲੋਂ ਬੀਤੇ ਅਗਸਤ ਮਹੀਨੇ ਦੇ ਤੀਜੇ ਹਫ਼ਤੇ ਪਰਚਾ ਕੇਵਲ ਅਮਰਜੀਤ ਸਿੰਘ ਚਾਵਲਾ ਖਿਲਾਫ਼ ਦਰਜ ਕਰਾਇਆ ਗਿਆ ਹੈ ਤੇ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਵਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ, ਪਰ ਇਹ ਵੀ ਸਮਝਿਆ ਜਾਂਦਾ ਹੈ ਕਿ ਆਉਂਦੇ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਕੁਝ ਹੋਰ ਸੀਨੀਅਰ ਆਗੂਆਂ ਤੋਂ ਇਲਾਵਾ ਇੱਕ ਦੋ ਧਾਰਮਿਕ ਸ਼ਖਸੀਅਤਾਂ ਨੂੰ ਵੀ ਸ਼ਾਮਿਲ ਤਫ਼ਤੀਸ਼ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੇ ਨਾਵਾਂ ਦਾ ਖੁਲਾਸਾ ਉਕਤ ਬੀਬੀ ਵਲੋਂ ਐੱਫ਼ ਆਈ.ਆਰ. ਵਿਚ ਕੀਤਾ ਗਿਆ ਹੈ । ਇਨ੍ਹਾਂ ਵਿਚ ਇਕ ਹੈੱਡ ਗ੍ਰੰਥੀ ਪੱਧਰ ਦੀ ਧਾਰਮਿਕ ਸ਼ਖਸੀਅਤ ਵਿਰੁੱਧ ਸ਼੍ਰੋਮਣੀ ਕਮੇਟੀ ਵਲੋਂ ਕਾਰਵਾਈ ਕੀਤੀ ਜਾ ਸਕਦੀ ਹੈ ।