04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੀਰ ਮੁਹੰਮਦ ਵਲੋਂ ਸ਼੍ਰੋਮਣੀ ਕਮੇਟੀ ’ਤੇ ਗੰਭੀਰ ਦੋਸ਼

ਪੀਰ ਮੁਹੰਮਦ ਵਲੋਂ ਸ਼੍ਰੋਮਣੀ ਕਮੇਟੀ ’ਤੇ ਗੰਭੀਰ ਦੋਸ਼

ਅਜੀਤ ਡੈਸਕ 04-08-2026

ਚੰਡੀਗੜ੍ਹ, 3 ਅਗਸਤ (ਪ੍ਰੋ. ਅਵਤਾਰ ਸਿੰਘ) – ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਸ਼੍ਰੋਮਣੀ ਕਮੇਟੀ ਨੂੰ ਘੇਰਦਿਆਂ ਪੀ.ਟੀ.ਸੀ. ਚੈਨਲ ਤੋਂ ਕਥਿਤ ਬਕਾਇਆ ਫ਼ੀਸ, ਗੁਰੂ ਦੀ ਗੋਲਕ ਦੇ ਫੰਡ ਅਤੇ ਵਿਦੇਸ਼ਾਂ ਵਿਚ ਪ੍ਰਸਾਰਣ ਤੋਂ ਹੋਣ ਵਾਲੀ ਆਮਦਨ ਦਾ ਹਿਸਾਬ ਸੰਗਤ ਸਾਹਮਣੇ ਰੱਖਣ ਦੀ ਮੰਗ ਕੀਤੀ ਹੈ। ਪਾਰਟੀ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਗੁਰਬਾਣੀ ਪ੍ਰਸਾਰਣ ਲਈ ਸਮਾਨ ਨੀਤੀ ਬਣਾਉਣ ਅਤੇ ਸਾਰੇ ਯੋਗ ਲਾਇਸੈਂਸਸ਼ੁਦਾ ਪੰਜਾਬੀ ਚੈਨਲਾਂ ਨੂੰ ਪ੍ਰਸਾਰਣ ਦੀ ਆਗਿਆ ਦੇਣ ਦੀ ਵੀ ਮੰਗ ਕੀਤੀ। ਚੰਡੀਗੜ੍ਹ ਸਥਿਤ ਲੁਬਾਣਾ ਭਵਨ ਵਿਖੇ ਪੀਰ ਮੁਹੰਮਦ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਗੁਰੂ ਦੀ ਗੋਲਕ ਨਾਲ ਸੰਬੰਧਿਤ ਕਰੀਬ 13.5 ਕਰੋੜ ਰੁਪਏ ਵੱਖ-ਵੱਖ ਮਾਮਲਿਆਂ ਵਿਚ ਫ਼ਸੇ ਹੋਏ ਹਨ ਅਤੇ ਇਸ ਸਬੰਧੀ ਨਾ ਤਾਂ ਸ਼੍ਰੋਮਣੀ ਕਮੇਟੀ ਵਲੋਂ ਕੋਈ ਸਪੱਸ਼ਟੀਕਰਨ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਪੰਜਾਬ ਸਰਕਾਰ ਇਸ ਮਾਮਲੇ ਵਿਚ ਕੋਈ ਦਖ਼ਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਗੁਰੂ ਦੀ ਗੋਲਕ ਦੇ ਹਰ ਪੈਸੇ ਦਾ ਪੂਰਾ ਹਿਸਾਬ ਜਾਣਨ ਦਾ ਅਧਿਕਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੀ.ਟੀ.ਸੀ ਚੈਨਲ ਵਲੋਂ ਸਾਲ 2023 ਤੱਕ ਹਰ ਸਾਲ ਗੁਰਬਾਣੀ ਪ੍ਰਸਾਰਣ ਲਈ 2 ਕਰੋੜ ਰੁਪਏ ਦੀ ਫ਼ੀਸ ਸ਼੍ਰੋਮਣੀ ਕਮੇਟੀ ਨੂੰ ਅਦਾ ਕੀਤੀ ਜਾਂਦੀ ਰਹੀ, ਪਰ ਇਸ ਤੋਂ ਬਾਅਦ ਇਹ ਭੁਗਤਾਨ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ਦਾ ਬਕਾਇਆ ਅਤੇ ਵਿਆਜ ਮਿਲਾ ਕੇ 6 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਣਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪਹਿਲਾਂ ਇਹ ਫ਼ੀਸ ਲਈ ਜਾਂਦੀ ਸੀ ਤਾਂ ਇਸ ਦੀ ਵਸੂਲੀ ਰੋਕਣ ਦਾ ਫ਼ੈਸਲਾ ਕਿਸ ਅਧਿਕਾਰ ਹੇਠ ਅਤੇ ਕਿਸ ਦੇ ਹੁਕਮਾਂ ਨਾਲ ਕੀਤਾ ਗਿਆ। ਪੀਰ ਮੁਹੰਮਦ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਮਤਾ ਜਨਤਕ ਕਰਨ, ਜਿਸ ਤਹਿਤ ਅੰਤ੍ਰਿੰਗ ਕਮੇਟੀ ਜਾਂ ਜਨਰਲ ਹਾਊਸ ਨੇ ਪੀ.ਟੀ.ਸੀ ਤੋਂ ਫ਼ੀਸ ਨਾ ਵਸੂਲਣ ਦਾ ਫ਼ੈਸਲਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ ਮਤਾ ਨਹੀਂ ਹੈ ਤਾਂ ਬਕਾਇਆ ਰਕਮ ਵਿਆਜ ਸਮੇਤ ਗੁਰੂ ਦੀ ਗੋਲਕ ਵਿਚ ਜਮ੍ਹਾਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਚਾਰਟਰਡ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਖ਼ਿਲਾਫ਼ ਕਰੀਬ 7.5 ਕਰੋੜ ਰੁਪਏ ਦੀ ਰਿਕਵਰੀ ਦਾ ਮਾਮਲਾ ਪਿਛਲੇ ਦਸ ਸਾਲਾਂ ਤੋਂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਅੱਗੇ ਲੰਬਿਤ ਹੈ, ਪਰ ਅਜੇ ਤੱਕ ਕੋਈ ਫ਼ੈਸਲਾ ਨਹੀਂ ਹੋਇਆ। ਗੁਰਬਾਣੀ ਪ੍ਰਸਾਰਣ ਦੇ ਮੁੱਦੇ ’ਤੇ ਪੀਰ ਮੁਹੰਮਦ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੀ ਯੂਟਿਊਬ ਅਤੇ ਫੇਸਬੁੱਕ ਫੀਡ ਨੂੰ ਦੁਨੀਆ ਭਰ ਵਿਚ ਹਜ਼ਾਰਾਂ ਲੋਕ ਮੁਫ਼ਤ ਸਾਂਝਾ ਕਰ ਸਕਦੇ ਹਨ ਤਾਂ ਟੈਲੀਵਿਜ਼ਨ ’ਤੇ ਗੁਰਬਾਣੀ ਪ੍ਰਸਾਰਣ ਸਿਰਫ਼ ਇੱਕ ਚੈਨਲ ਤੱਕ ਸੀਮਤ ਕਿਉਂ ਰੱਖਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਿਹੜਾ ਵੀ ਲਾਇਸੈਂਸਸ਼ੁਦਾ ਪੰਜਾਬੀ ਚੈਨਲ ਗੁਰਮਰਿਆਦਾ ਦੀ ਪਾਲਣਾ ਕਰਨ ਦਾ ਲਿਖਤੀ ਭਰੋਸਾ ਦੇਵੇ, ਉਸ ਨੂੰ ਵੀ ਗੁਰਬਾਣੀ ਪ੍ਰਸਾਰਣ ਦਾ ਸਿਗਨਲ ਦਿੱਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਨਵਾਂ ਗਠਨ ਕਰਨ ਲਈ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕਰਨ ਵਿਚ ਸਰਕਾਰ ਨੇ ਦੇਰੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਨਵਾਂ ਕਮਿਸ਼ਨ ਗਠਿਤ ਕਰੇ ਅਤੇ ਲੰਬਿਤ ਰਿਕਵਰੀ ਮਾਮਲਿਆਂ ਦਾ ਨਿਰਧਾਰਤ ਸਮੇਂ ਅੰਦਰ ਨਿਪਟਾਰਾ ਕਰਵਾਏ। ਇਸ ਮੌਕੇ ਮੁੱਖ ਦਫ਼ਤਰ ਸਕੱਤਰ ਜਗਜੀਤ ਸਿੰਘ ਕੌਹਲੀ, ਮੀਡੀਆ ਸਕੱਤਰ ਤਜਿੰਦਰ ਸਿੰਘ ਪੰਨੂ, ਦਵਿੰਦਰ ਸਿੰਘ ਸੋਢੀ ਅਤੇ ਜਥੇਬੰਦਕ ਸਕੱਤਰ ਭਾਈ ਹਰਦੀਪ ਸਿੰਘ ਬਾਠ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਕੈਲਗਰੀ ਗੁਰੂਘਰ ਪੰਜਾਬ ਤੋਂ ਗੁਰਬਾਣੀ ਕੀਰਤਨ ਦੀਆਂ ਸੇਵਾਵਾਂ ਨਿਭਾਉਣ ਆਏ ਰਾਗੀ ਸਤਨਾਮ ਸਿੰਘ ਦਾ ਦਿਲ ਦਾ ਦੌਰਾ ਪੈਣ ਕਰਕੇ... ਅਗਲੀ ਖ਼ਬਰ ਤਾਜਪੋਸ਼ੀ ਦੇ ਬੋਰਡਾਂ ਨੇ ਛੇੜੀ ਸਿਆਸੀ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।