ਕਾਂਗਰਸ ਸਰਕਾਰ ਬਣਨ ’ਤੇ ਪਹਿਲਾ ਕੰਮ ਸਫ਼ਾਈ ਸੇਵਕਾਂ ਨੂੰ ਪੱਕਾ ਕਰਨਾ ਹੋਵੇਗਾ-ਬਾਜਵਾ
ਬਰਨਾਲਾ, 25 ਜੁਲਾਈ (ਰਾਜ ਪਨੇਸਰ)-ਬੀਤੇ ਦਿਨੀਂ ਬਰਨਾਲਾ ਦੇ ਐਸ.ਡੀ. ਕਾਲਜ ਤੇ ਸਦਰ ਬਾਜ਼ਾਰ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਹਿ ’ਤੇ ਪੁਲਿਸ ਵਲੋਂ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਨਿਹੱਥੇ ਮਾਵਾਂ-ਭੈਣਾਂ ਤੇ ਹੋਰਨਾਂ ਵਿਅਕਤੀਆਂ ’ਤੇ ਡਾਂਗਾਂ ਨਾਲ ਹਮਲਾ ਕਰਨਾ ‘ਆਪ’ ਸਰਕਾਰ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਵੇਂ ਮੈਂ ਕੁੱਝ ਮਹੀਨੇ ਮੁੱਖ ਮੰਤਰੀ ਰਿਹਾ, ਉਸ ਕਾਰਜਕਾਲ ਦੌਰਾਨ ਵੱਡੀ ਗਿਣਤੀ ’ਚ ਸਫ਼ਾਈ ਸੇਵਕ ਪੱਕੇ ਕੀਤੇ ਸਨ ਪਰ ਇਸ ਸਰਕਾਰ ਨੇ ਸਫ਼ਾਈ ਸੇਵਕ ਪੱਕੇ ਤਾਂ ਕੀ ਕਰਨੇ ਸੀ, ਕੁੱਟ-ਕੁੱਟ ਕੇ ਵਿਚਾਰੇ ਅਪਾਹਜ ਬਣਾ ਦਿੱਤੇ। ਕਾਂਗਰਸ ਪਾਰਟੀ ਹਮੇਸ਼ਾ ਦਲਿਤ ਭਾਈਚਾਰੇ ਨਾਲ ਖੜੀ ਸੀ ਅਤੇ ਖੜੀ ਰਹੇਗੀ, ਇਹ ਸੰਘਰਸ਼ ਜਿੰਨਾ ਮਰਜ਼ੀ ਲੰਬਾ ਚਲਿਆ ਜਾਵੇ, ਅਸੀਂ ਪੀੜਤਾਂ ਦੇ ਹੱਕ ’ਚ ਨਿੱਤਰਾਂਗੇ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 2027 ਵਿਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਸਫ਼ਾਈ ਸੇਵਕਾਂ ਨੂੰ ਪੱਕਾ ਕਰਨਾ ਸਾਡਾ ਪਹਿਲਾ ਕੰਮ ਹੋਵੇਗਾ। ਉਪਰੰਤ ਉਕਤ ਆਗੂਆਂ ਵਲੋਂ ਨਗਰ ਨਿਗਮ ਦਫ਼ਤਰ ਵਿਖੇ ਸਫ਼ਾਈ ਸੇਵਕਾਂ ਦੇ ਚੱਲ ਰਹੇ ਧਰਨੇ ਵਿਚ ਵੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ, ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਪੱਤੀ ਸੇਖਵਾਂ, ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ, ਜਰਨੈਲ ਸਿੰਘ ਠੁੱਲੀਵਾਲ, ਸੰਮੀ ਠੁੱਲੀਵਾਲ, ਕੁਲਦੀਪ ਸਿੰਘ ਗੁੱਗ (ਸੰਧੂ ਖੇਤੀ ਸੇਵਾ ਸੈਂਟਰ ਵਾਲੇ), ਮਹੇਸ਼ ਕੁਮਾਰ ਲੋਟਾ, ਵਰੁਣ ਬੱਤਾ, ਸੂਰਤ ਸਿੰਘ ਬਾਜਵਾ, ਬਿੱਟੂ ਸ਼ਰਮਾ, ਬਲਵੰਤ ਸ਼ਰਮਾ, ਜਗਤਾਰ ਸਿੰਘ ਪੱਖੋ, ਪਰਮਿੰਦਰ ਸਿੰਘ ਬੀਰੀ ਗਿੱਲ, ਕੈਪਟਨ ਭੁਪਿੰਦਰ ਸਿੰਘ ਝਲੂਰ, ਪ੍ਰਗਟ ਸਿੰਘ ਠੀਕਰੀਵਾਲ, ਚੰਦ ਸਿੰਘ ਮਾਨਾ ਪਿੰਡੀ, ਅਮਰਜੀਤ ਸਿੰਘ ਕਾਕਾ ਸੂਚ, ਅਰਮਾਨ ਸੂਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਸਫ਼ਾਈ ਸੇਵਕ ਬੀਬੀਆਂ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ਰਮਨਾਕ-ਚੰਨੀ
ਅਜੀਤ ਡੈਸਕ
26-07-2026