08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਲਾਹੌਰ ’ਚ ਮਨਾਈ ਗਈ ਭਾਈ ਤਾਰੂ ਸਿੰਘ ਤੇ ਭਾਈ ਮਨੀ ਸਿੰਘ ਦੀ ਸ਼ਹੀਦੀ ਬਰਸੀ

ਅਜੀਤ ਡੈਸਕ 20-07-2026

ਅੰਮ੍ਰਿਤਸਰ, 19 ਜੁਲਾਈ (ਸੁਰਿੰਦਰ ਕੋਛੜ)-ਪਰਉਪਕਾਰ ਦੀ ਮੂਰਤ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਰਸੀ ਅੱਜ ਸਵੇਰੇ ਲਾਹੌਰ ਦੇ ਗੁਰਦੁਆਰਾ ਸਿੰਘ ਸਿੰਘਣੀਆਂ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਈ ਗਈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਨੇ ‘ਅਜੀਤ’ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੀ. ਐੱਸ. ਜੀ. ਪੀ. ਸੀ. ਵਲੋਂ ਅੱਜ ਸਵੇਰੇ ਗੁਰਦੁਆਰਾ ਸਿੰਘ ਸਿੰਘਣੀਆਂ ਵਿਖੇ ਸ਼ਹੀਦ ਭਾਈ ਤਾਰੂ ਸਿੰਘ, ਸ਼ਹੀਦ ਭਾਈ ਮਨੀ ਸਿੰਘ ਅਤੇ ਸਾਕੇ ਦੇ ਸ਼ਹੀਦ ਸਿੰਘ ਸਿੰਘਣੀਆਂ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ ਗਏ, ਜਦੋਂਕਿ ਸਮਾਪਤੀ ਦੀ ਅਰਦਾਸ ਗਿਆਨੀ ਰਣਜੀਤ ਸਿੰਘ ਨੇ ਕੀਤੀ। ਧਾਰਮਿਕ ਸਮਾਗਮ ਦੌਰਾਨ ਭਾਈ ਜਸਬੀਰ ਸਿੰਘ ਸਿੰਘ, ਇੰਦਰਜੀਤ ਸਿੰਘ, ਤਜਮੀਤ ਸਿੰਘ, ਸਰਬਜੋਤ ਸਿੰਘ ਅਤੇ ਬੀਬੀ ਜਤਿੰਦਰਬੀਰ ਕੌਰ, ਗਗਨਪ੍ਰੀਤ ਕੌਰ, ਗੁਰਦੀਪ ਕੌਰ, ਗੁਰਵੀਨ ਕੌਰ ਦੇ ਰਾਗੀ ਅਤੇ ਕੀਰਤਨੀ ਜਥਿਆਂ ਵਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕੀਤਾ ਗਿਆ। ਪਾਕਿ ਸਿੱਖ ਸੰਗਤ ਦੇ ਸਹਿਯੋਗ ਨਾਲ ਮਨਾਏ ਗਏ ਉਕਤ ਦਿਹਾੜੇ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ‘ਚ ਗ੍ਰੰਥੀ ਸਿੰਘ ਭਾਈ ਰਣਜੀਤ ਸਿੰਘ ਫੈਣੀ, ਗੁਰਦੁਆਰਾ ਕਮੇਟੀ ਦੇ ਮਹੇਸ਼ ਸਿੰਘ ਕਸ਼ਮੋਰ, ਡਾ. ਮਿਮਪਾਲ ਸਿੰਘ, ਬਿਸ਼ਨ ਸਿੰਘ, ਸਰਬਤ ਸਿੰਘ, ਗਿਆਨੀ ਬਲਵੰਤ ਸਿੰਘ, ਸੁਖਬੀਰ ਸਿੰਘ ਅਤੇ ਹੋਰਨਾ ਨੇ ਸੰਬੋਧਨ ਕਰਦਿਆਂ ਭਾਈ ਤਾਰੂ ਸਿੰਘ ਦੀ ਸ਼ਹਾਦਤ ਬਾਰੇ ਸੰਗਤ ਨਾਲ ਜਾਣਕਾਰੀ ਸਾਂਝੀ ਕੀਤੀ।ਬੁਲਾਰਿਆਂ ਨੇ ਦੱਸਿਆ ਕਿ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਕਾਜ਼ੀਆਂ ਦੁਆਰਾ ਫ਼ਤਵਾ ਜਾਰੀ ਕਰਨ ’ਤੇ ਜੱਲਾਦ ਨੇ ਭਾਈ ਤਾਰੂ ਸਿੰਘ ਦੀ ਖੋਪੜੀ ਰੰਬੀਆਂ ਨਾਲ ਉਤਾਰ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ। ਉਨ੍ਹਾਂ ਦੇ ਸ਼ਹੀਦੀ ਅਸਥਾਨ ਵਿਖੇ ਬਾਅਦ ’ਚ ਸੰਗਤ ਵਲੋਂ ਭਾਈ ਜੀ ਦੀ ਸਮਾਧ-ਗੁਰਦੁਆਰਾ ਉਸਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਵਾਕਿਆ ਹੀ ਦੁਖਦਾਈ ਹੈ ਕਿ ਲਾਹੌਰ ‘ਚ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ਵਿਖੇ ਪਿਛਲੇ 6 ਸਾਲ ਤੋਂ ਪਾਕਿਸਤਾਨੀ ਸਿੱਖਾਂ ਨੂੰ ਸ਼ਹੀਦੀ ਬਰਸੀ ਮਨਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ।

ਪਿਛਲੀ ਖ਼ਬਰ ਚਿਰਾਗ ਪਾਸਵਾਨ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਗਲੀ ਖ਼ਬਰ 4 ਕਰੋੜ ਦੀ ਰੰਗਦਾਰੀ ਮੰਗਣ ਤੋਂ ਲੈ ਕੇ ਭੇਜਣ ਤੇ ਵਸੂਲਣ ਵਾਲੇ ਪੁਲਿਸ ਕਰਮਚਾਰੀ ਜਾਂਚ ਦੇ ਘੇਰੇ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।