07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਦੇ ਸੱਭਿਆਚਾਰਕ ਪ੍ਰੋਗਰਾਮ ’ਚ ਸ਼ਿਰਕਤ

ਅਜੀਤ ਡੈਸਕ 20-07-2026

ਨਕੋਦਰ, 19 ਜੁਲਾਈ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿਖੇ ਚੱਲ ਰਹੇ ਤਿੰਨ ਰੋਜ਼ਾ ਸਾਲਾਨਾ ਮੇਲੇ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦਰਬਾਰ ਵਿਖੇ ਨਤਮਸਤਕ ਹੋਣ ਲਈ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਪੁੱਜੇ। ਉਨ੍ਹਾਂ ਨੇ ਦਰਬਾਰ ਵਿਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ‘ਆਪ’ ਆਗੂ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਸਾਈਂ ਹੰਸਰਾਜ ਹੰਸ, ਵਿਧਾਇਕਾ ਇੰਦਰਜੀਤ ਕੌਰ ਮਾਨ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ। ਉਪਰੰਤ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਕੰਠ ਕਲੇਰ, ਫਿਰੋਜ਼ ਖ਼ਾਨ ਸਮੇਤ ਅਨੇਕਾਂ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਮੰਤਰਮੁਗਧ ਕਰ ਦਿੱਤਾ। ਦੇਰ ਰਾਤ ਤੱਕ ਚੱਲੇ ਪ੍ਰੋਗਰਾਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ।ਸੰਗਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਬਹੁਤ ਹੀ ਉਪਜਾਊ ਧਰਤੀ ਹੈ। ਇਥੇ ਕਿਸੇ ਵੀ ਫ਼ਸਲ ਦਾ ਬੀਜ ਬੀਜਿਆ ਜਾਵੇ ਤਾਂ ਉਹ ਲਹਿਰਾ ਜਾਂਦੀ ਹੈ ਪਰ ਨਫ਼ਰਤ ਦਾ ਬੀਜ ਇਸ ਧਰਤੀ ‘ਤੇ ਕਦੇ ਨਹੀਂ ਉੱਗਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਦੀਆਂ ਪੁਰਾਣੀ ਸਾਂਝੀਵਾਲਤਾ ਅਤੇ ਭਾਈਚਾਰੇ ਦੀ ਪਰੰਪਰਾ ਅੱਜ ਵੀ ਮਜ਼ਬੂਤੀ ਨਾਲ ਕਾਇਮ ਹੈ। ਇਥੇ ਰਾਮ ਨੌਮੀ, ਗੁਰਪੁਰਬ, ਸ਼ਹੀਦੀ ਦਿਹਾੜੇ ਅਤੇ ਹਰ ਧਰਮ ਦੇ ਮੇਲੇ ਤੇ ਤਿਉਹਾਰ ਆਪਸੀ ਪਿਆਰ ਅਤੇ ਸਦਭਾਵਨਾ ਨਾਲ ਰਲ ਮਿਲ ਕੇ ਮਨਾਏ ਜਾਂਦੇ ਹਨ। ਮੁੱਖ ਮੰਤਰੀ ਨੇ ਸਾਈਂ ਹੰਸਰਾਜ ਹੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕਈ ਦਹਾਕਿਆਂ ਤੋਂ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਦੀ ਕਲਾ ਦਾ ਸਫ਼ਰ ਰੂਹਾਨੀਅਤ ਅਤੇ ਫ਼ਕੀਰੀ ਨਾਲ ਸ਼ੁਰੂ ਹੋਇਆ ਸੀ ਅਤੇ ਅੱਜ ਵੀ ਉਹ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ।ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਸਿਆਸਤਦਾਨ ਲੋਕਾਂ ਨੂੰ ਇਕੱਠਾ ਕਰਨ ਲਈ ਕਲਾਕਾਰਾਂ ਦਾ ਸਹਾਰਾ ਲੈਂਦੇ ਸਨ ਪਰ ਹੁਣ ਲੋਕ ਖ਼ੁਦ ਕਲਾਕਾਰਾਂ ਨੂੰ ਜਨ ਸੇਵਾ ਲਈ ਰਾਜਨੀਤੀ ਵਿਚ ਮਾਣ-ਸਨਮਾਨ ਦੇ ਰਹੇ ਹਨ। ਉਨ੍ਹਾਂ ਦੱਖਣੀ ਭਾਰਤ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਥੇ ਲੋਕ ਆਪਣੇ ਚਹੇਤੇ ਕਲਾਕਾਰਾਂ ਨੂੰ ਸਿਰਫ਼ ਪਿਆਰ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਰਾਜ ਦੀ ਸੱਤਾ ਸੰਭਾਲਣ ਦਾ ਮੌਕਾ ਵੀ ਦਿੰਦੇ ਹਨ।ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਕਮਾਈ ਲੋਕਾਂ ਦਾ ਭਰੋਸਾ ਅਤੇ ਆਪਣੀ ਇਮਾਨਦਾਰੀ ਹੈ। ਇਸੇ ਭਰੋਸੇ ਦੇ ਆਧਾਰ ‘ਤੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਦੇ ਇਸ ਭਰੋਸੇ ਨੂੰ ਕਦੇ ਟੁੱਟਣ ਨਹੀਂ ਦੇਣਗੇ ਅਤੇ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਲੋਕ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਦੇ ਰਹਿਣਗੇ।ਇਸ ਮੌਕੇ ਸਾਈਂ ਹੰਸਰਾਜ ਹੰਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੇ ਦੁੱਖ-ਦਰਦ ਨੂੰ ਆਪਣਾ ਸਮਝਣ ਵਾਲੇ ਆਗੂ ਹਨ। ਉਹ ਹਮੇਸ਼ਾ ਸਰਲ ਭਾਸ਼ਾ ਵਿਚ ਲੋਕਾਂ ਨਾਲ ਗੱਲ ਕਰਦੇ ਹਨ ਅਤੇ ਉਨ੍ਹਾਂ ਦਾ ਮਿਲਣਸਾਰ ਸੁਭਾਅ ਹਰ ਕਿਸੇ ਨੂੰ ਆਪਣਾ ਬਣਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਉੱਚੇ ਅਹੁਦੇ ‘ਤੇ ਪਹੁੰਚਣ ਦੇ ਬਾਵਜੂਦ ਭਗਵੰਤ ਮਾਨ ਨੇ ਆਪਣੇ ਬਚਪਨ ਦੇ ਦੋਸਤਾਂ ਅਤੇ ਪੁਰਾਣੇ ਸਾਥੀਆਂ ਨੂੰ ਕਦੇ ਨਹੀਂ ਭੁੱਲਿਆ। ਉਹ ਇਕ ਪ੍ਰੈਕਟੀਕਲ ਇਨਸਾਨ ਹਨ ਅਤੇ ਅਜਿਹੇ ਵਿਅਕਤੀ ਦੀ ਹਮੇਸ਼ਾ ਕਦਰ ਹੋਣੀ ਚਾਹੀਦੀ ਹੈ। ਉਨ੍ਹਾਂ ਅਰਦਾਸ ਕੀਤੀ ਕਿ ਅਲਮਸਤ ਬਾਪੂ ਲਾਲ ਬਾਦਸ਼ਾਹ ਦੀ ਕਿਰਪਾ ਸਦਕਾ ਮੁੱਖ ਮੰਤਰੀ ਨੂੰ ਹਮੇਸ਼ਾ ਤੰਦਰੁਸਤੀ, ਕਾਮਯਾਬੀ ਅਤੇ ਲੋਕ ਸੇਵਾ ਕਰਨ ਦੀ ਤਾਕਤ ਪ੍ਰਾਪਤ ਹੁੰਦੀ ਰਹੇ

ਪਿਛਲੀ ਖ਼ਬਰ ਜੱਗੂ ਭਗਵਾਨਪੁਰੀਆ ਵਲੋਂ ਅਪਰਾਧ ਦੀ ਦੁਨੀਆ ਤੋਂ ਸੰਨਿਆਸ ਲੈਣ ਦਾ ਐਲਾਨ ਅਗਲੀ ਖ਼ਬਰ ਵਿਧਾਇਕ ਸਵਨਾ ਨੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਭਰਤੀ ਆਂਗਣਵਾੜੀ ਵਰਕਰਾਂ ਨੂੰ ਦਿੱਤੇ ਨਿਯੁਕਤੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।