11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਆਖ਼ਰ ਕਿੱਥੇ ਗਿਆ ਡੀ.ਐਸ.ਪੀ ਜਸਪਾਲ ਸਿੰਘ

ਅਜੀਤ ਡੈਸਕ 14-07-2026
—ਪ੍ਰੋ. ਅਵਤਾਰ ਸਿੰਘ—
ਚੰਡੀਗੜ੍ਹ, 13 ਜੁਲਾਈ- ਪੰਜਾਬ ਦੇ ਖਾੜਕੂਵਾਦ ਵਿਰੋਧੀ ਦੌਰ ਦੀ ਗੱਲ ਹੁੰਦੀ ਹੈ ਤਾਂ ਤਰਨਤਾਰਨ ਦੇ ਸਾਬਕਾ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਅਜੀਤ ਸਿੰਘ ਸੰਧੂ ਦਾ ਨਾਂਅ ਸਭ ਤੋਂ ਵੱਧ ਵਿਵਾਦਾਂ ਨਾਲ ਜੁੜੇ ਪੁਲਿਸ ਅਧਿਕਾਰੀਆਂ ਵਿਚ ਲਿਆ ਜਾਂਦਾ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਅਗਵਾ ਅਤੇ ਕਤਲ ਮਾਮਲੇ ਵਿਚ ਉਨ੍ਹਾਂ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਉਹ ਕੌਮੀ ਪੱਧਰ ’ਤੇ ਚਰਚਾ ਦਾ ਕੇਂਦਰ ਬਣੇ। ਭਾਵੇਂ 1997 ’ਚ ਉਨ੍ਹਾਂ ਖ਼ੁਦਕੁਸ਼ੀ ਕਰ ਲਈ ਸੀ, ਪਰ ਅੱਜ ਵੀ ਇਹ ਸਵਾਲ ਅਕਸਰ ਉੱਠਦਾ ਹੈ ਕਿ ਅਜੀਤ ਸਿੰਘ ਸੰਧੂ ਨਾਲ ਜੁੜੇ ਵਿਵਾਦਾਂ ਦਾ ਪੂਰਾ ਸੱਚ ਕੀ ਸੀ ਅਤੇ ਪੰਜਾਬ ਦੇ ਉਸ ਦੌਰ ਦੇ ਕਈ ਸਫ਼ੇ ਅਜੇ ਵੀ ਕਿਉਂ ਅਣਸੁਲਝੇ ਹਨ? ਖਾਲੜਾ ਕਤਲ ਕਾਂਡ ’ਚ ਪਟਿਆਲਾ ਦੀ ਸੀ.ਬੀ.ਆਈ ਅਦਾਲਤ ਨੇ 2005 ’ਚ ਤਤਕਾਲੀ ਡੀ.ਐਸ.ਪੀ. ਜਸਪਾਲ ਸਿੰਘ ਅਤੇ ਏ.ਐੱਸ.ਆਈ ਅਮਰਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਐੱਸ.ਐੱਚ.ਓ ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ, ਸਤਨਾਮ ਸਿੰਘ ਅਤੇ ਹੈੱਡ ਕਾਂਸਟੇਬਲ ਪ੍ਰਿਥੀਪਾਲ ਸਿੰਘ ਨੂੰ ਸੱਤ-ਸੱਤ ਸਾਲ ਦੀ ਸਜ਼ਾ ਦਿੱਤੀ ਗਈ ਸੀ। ਬਾਅਦ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੀ.ਐੱਸ.ਪੀ. ਜਸਪਾਲ ਸਿੰਘ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ, ਏ.ਐੱਸ.ਆਈ ਅਮਰਜੀਤ ਸਿੰਘ ਨੂੰ ਬਰੀ ਕਰ ਦਿੱਤਾ ਅਤੇ ਬਾਕੀ ਚਾਰ ਦੋਸ਼ੀਆਂ ਦੀ ਸਜ਼ਾ ਸੱਤ ਸਾਲ ਤੋਂ ਵਧਾ ਕੇ ਉਮਰ ਕੈਦ ਕਰ ਦਿੱਤੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਨੂੰ ਬੇਹੱਦ ਗੰਭੀਰ ਅਤੇ ਘਿਣੌਣਾ ਅਪਰਾਧ ਮੰਨਦਿਆਂ ਦੋਸ਼ੀਆਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਅਤੇ ਸਪੱਸ਼ਟ ਕੀਤਾ ਕਿ ਉਹ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ ਭੁਗਤਣਗੇ। ਖਾਲੜਾ ਕਤਲ ਕਾਂਡ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਡੀ.ਐਸ.ਪੀ. ਜਸਪਾਲ ਸਿੰਘ ਦੀ ਆਖ਼ਰ 3 ਸਾਲਾਂ ਬਾਅਦ ਭਾਲ ਸ਼ੁਰੂ ਹੋ ਗਈ ਹੈ। ਨਾਭਾ ਓਪਨ ਐਗਰੀਕਲਚਰਲ ਜੇਲ੍ਹ ਪ੍ਰਸ਼ਾਸਨ ਨੇ ਰੁਟੀਨ ਤਸਦੀਕ ਦੌਰਾਨ ਉਨ੍ਹਾਂ ਦੇ ਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ। ਦੱਸ ਦਈਏ ਕਿ ਜਸਪਾਲ ਸਿੰਘ ਨੂੰ ਮਈ 2023 ਵਿਚ ਇਕ ਲੱਖ ਰੁਪਏ ਦੇ ਨਿੱਜੀ ਮੁਚੱਲਕੇ ’ਤੇ ਰਿਹਾਈ ਮਿਲੀ ਸੀ। ਜੇਲ੍ਹ ਪ੍ਰਸ਼ਾਸਨ ਅਨੁਸਾਰ ਇਹ ਕਾਰਵਾਈ ਨਿਯਮਤ ਤਸਦੀਕ ਪ੍ਰਕਿਰਿਆ ਦਾ ਹਿੱਸਾ ਹੈ। ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਜੇ ਜਸਪਾਲ ਸਿੰਘ 2023 ਤੋਂ ਜੇਲ੍ਹ ਵਾਪਸ ਨਹੀਂ ਪਰਤਿਆ ਤਾਂ ਉਸ ਦੀ ਭਾਲ ਤਿੰਨ ਸਾਲਾਂ ਬਾਅਦ ਹੀ ਕਿਉਂ ਸ਼ੁਰੂ ਹੋਈ? ਇਸ ਘਟਨਾਕ੍ਰਮ ਨੇ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਪ੍ਰਣਾਲੀ ਦੀ ਕਾਰਗੁਜ਼ਾਰੀ ’ਤੇ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੀ ਭਾਲ ਹੁਣ ਸ਼ੁਰੂ ਹੋਈ ਹੈ। ਨਾਭਾ ਓਪਨ ਐਗਰੀਕਲਚਰਲ ਜੇਲ੍ਹ ਪ੍ਰਸ਼ਾਸਨ ਨੇ ਰੁਟੀਨ ਤਸਦੀਕ ਦੌਰਾਨ ਉਸ ਦੇ ਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ। ਇਸ ਦੇ ਬਾਵਜੂਦ, ਇੱਕ ਹੋਰ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਅਜਿਹੇ ਗੰਭੀਰ ਅਪਰਾਧ ਵਿਚ ਦੋਸ਼ੀ ਕਰਾਰ ਦਿੱਤੇ ਗਏ ਡੀ.ਐੱਸ.ਪੀ. ਜਸਪਾਲ ਸਿੰਘ ਨੂੰ ਨਾਭਾ ਓਪਨ ਐਗਰੀਕਲਚਰਲ ਜੇਲ੍ਹ ਵਿਚ ਕਿਸ ਆਧਾਰ ’ਤੇ ਭੇਜਿਆ ਗਿਆ। ਜੇਲ੍ਹ ਨਿਯਮਾਂ ਅਨੁਸਾਰ ਓਪਨ ਜੇਲ੍ਹਾਂ ਵਿਚ ਆਮ ਤੌਰ ’ਤੇ ਚੰਗੇ ਵਤੀਰੇ ਵਾਲੇ ਅਤੇ ਘੱਟ ਜੋਖ਼ਮ ਵਾਲੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਸੂਤਰਾਂ ਮੁਤਾਬਕ 2025 ਦੌਰਾਨ ਜਸਪਾਲ ਸਿੰਘ ਵਲੋਂ ਜੇਲ੍ਹ ਸੁਪਰਡੈਂਟ ਨਾਲ ਸੰਪਰਕ ਵੀ ਕੀਤਾ ਗਿਆ ਸੀ। ਜੇਕਰ ਇਹ ਤੱਥ ਸਹੀ ਹਨ ਤਾਂ ਫਿਰ ਇਹ ਸਵਾਲ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿ ਉਸ ਸਮੇਂ ਉਸ ਨੂੰ ਹਿਰਾਸਤ ਵਿਚ ਕਿਉਂ ਨਹੀਂ ਲਿਆ ਗਿਆ। ਮਾਮਲੇ ਦਾ ਇਕ ਹੋਰ ਹੈਰਾਨ ਕਰਨ ਵਾਲਾ ਪੱਖ ਇਹ ਵੀ ਹੈ ਕਿ ਉਪਲਬਧ ਜਾਣਕਾਰੀ ਅਨੁਸਾਰ ਜੇਲ੍ਹ ਜਾਂ ਪੁਲਿਸ ਵਿਭਾਗ ਦੇ ਰਿਕਾਰਡ ਵਿਚ ਅਜੇ ਤੱਕ ਜਸਪਾਲ ਸਿੰਘ ਨੂੰ ਅਧਿਕਾਰਤ ਤੌਰ ’ਤੇ ਭਗੌੜਾ ਕਰਾਰ ਨਹੀਂ ਦਿੱਤਾ ਗਿਆ। ਇਸ ਕਾਰਨ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਜਦੋਂ ਕੋਈ ਸਜ਼ਾਯਾਫ਼ਤਾ ਕੈਦੀ ਨਿਰਧਾਰਿਤ ਸਮੇਂ ’ਤੇ ਵਾਪਸ ਨਹੀਂ ਪਰਤਦਾ ਤਾਂ ਕਾਨੂੰਨੀ ਕਾਰਵਾਈ ਵਿਚ ਇੰਨੀ ਦੇਰੀ ਕਿਉਂ ਹੋਈ। ਦੂਜੇ ਪਾਸੇ, ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਸਤਲੁਜ’ ਨੂੰ ਲੈ ਕੇ ਛਿੜੇ ਵਿਵਾਦ ਨੇ ਵੀ ਇਸ ਪੂਰੇ ਮਾਮਲੇ ਨੂੰ ਮੁੜ ਸੁਰਖੀਆਂ ਵਿਚ ਲਿਆ ਦਿੱਤਾ ਹੈ। ਇਸ ਕਾਰਨ ਪੰਜਾਬ ਦੇ ਉਸ ਦੌਰ ਦੀਆਂ ਘਟਨਾਵਾਂ ਅਤੇ ਅਦਾਲਤੀ ਕਾਰਵਾਈ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈਆਂ ਹਨ।
ਪਿਛਲੀ ਖ਼ਬਰ ਤਿੰਨ ਸਾਲ ਪਹਿਲਾਂ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਕਾਰਵਾਈ ਦੀ ਮੰਗ ਨੂੰ ਲੈ ਕੇ ਨਿਹੰਗ ਸਿੰਘਾਂ ਵਲੋਂ ਮਿੰਨੀ ਸਕੱਤਰ... ਅਗਲੀ ਖ਼ਬਰ ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਦੀ ਵੰਡ ਨੇ 27 ਲੱਖ ਦਾ ਅੰਕੜਾ ਕੀਤਾ ਪਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।