30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਭਾਈ ਖਾਲੜਾ ਦੀ ਹੱਤਿਆ ’ਚ ਸ਼ਾਮਿਲ ਡੀ.ਐਸ.ਪੀ. ਜਸਪਾਲ ਸਿੰਘ ਹੁਣ ਪਿੰਡ ਮਾਂਝੀ ਦਾ ਵਾਸੀ ਨਹੀਂ-ਪੁਲਿਸ ਅਧਿਕਾਰੀ

ਅਜੀਤ ਡੈਸਕ 10-07-2026

ਹੁਸ਼ਿਆਰਪੁਰ, 9 ਜੁਲਾਈ (ਨਰਿੰਦਰ ਸਿੰਘ ਬੱਡਲਾ)-ਫ਼ਿਲਮ ‘ਸਤਲੁਜ’ ਦੇ ਰਿਲੀਜ਼ ਹੋਣ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ ਦੇ ਹੱਤਿਆਰਿਆਂ ਸੰਬੰਧੀ ਮੁੜ ਪੈਦਾ ਹੋਏ ਵਿਵਾਦ ਦੇ ਚੱਲਦਿਆਂ ਨਾਭਾ ਓਪਨ ਖੇਤੀਬਾੜੀ ਜੇਲ੍ਹ ਵਲੋਂ ਹੁਸ਼ਿਆਰਪੁਰ ਪੁਲਿਸ ਨੂੰ ਭਾਈ ਖਾਲੜਾ ਦੇ ਹੱਤਿਆਰੇ ਡੀ.ਐਸ.ਪੀ. ਜਸਪਾਲ ਸਿੰਘ ਦਾ ਪਤਾ ਲਗਾਉਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਪੁਲਿਸ ਨੂੰ ਕਿਹਾ ਗਿਆ ਸੀ। ਇਸ ਸੰਬੰਧੀ ਜਦੋਂ ਥਾਣਾ ਸਦਰ ਦੇ ਏ.ਐਸ.ਆਈ. ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਨਾਭਾ ਓਪਨ ਖੇਤੀਬਾੜੀ ਜੇਲ੍ਹ ਤੋਂ ਉਨ੍ਹਾਂ ਨੂੰ ਇਕ ਪੱਤਰ ਪ੍ਰਾਪਤ ਹੋਇਆ ਸੀ, ਜਿਸ ‘ਚ ਡੀ.ਐਸ.ਪੀ. ਜਸਪਾਲ ਸਿੰਘ ਦਾ ਪਤਾ ਲਗਾਉਣ ਦਾ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਏ.ਐਸ.ਆਈ. ਸੁਰਿੰਦਰਪਾਲ ਸਿੰਘ ਦੀ ਡਿਊਟੀ ਲਗਾਈ ਗਈ ਸੀ ਕਿ ਉਹ ਨਜ਼ਦੀਕੀ ਪਿੰਡ ਮਾਂਝੀ ਜਾ ਕੇ ਇਸ ਸਾਰੇ ਮਾਮਲੇ ਦੀ ਪੜਤਾਲ ਕਰਨ ਅਤੇ ਡੀ.ਐਸ.ਪੀ. ਜਸਪਾਲ ਸਿੰਘ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਏ.ਐਸ.ਆਈ. ਸੁਰਿੰਦਰਪਾਲ ਸਿੰਘ ਵਲੋਂ ਜਾਂਚ-ਪੜਤਾਲ ਕਰਨ ਉਪਰੰਤ ਇਹ ਪਤਾ ਲੱਗਾ ਕਿ ਜਸਪਾਲ ਸਿੰਘ ਹੁਣ ਪਿੰਡ ਮਾਂਝੀ ਦੇ ਵਾਸੀ ਨਹੀਂ ਹੈ ਅਤੇ ਉਹ ਲੰਮੇ ਸਮੇਂ ਤੋਂ ਇਥੇ ਨਹੀਂ ਰਹਿ ਰਿਹਾ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਸੰਬੰਧੀ ਰਿਪੋਰਟ ਬਣਾ ਕੇ ਨਾਭਾ ਓਪਨ ਖੇਤੀਬਾੜੀ ਜੇਲ੍ਹ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 2022 ‘ਚ ਪੰਜਾਬ ਸਰਕਾਰ ਵਲੋਂ ਜਸਪਾਲ ਸਿੰਘ ਦੀ ਸਜ਼ਾ ਮੁਆਫ਼ੀ ਲਈ ਪ੍ਰਸਤਾਵ ਭੇਜਿਆ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਸਪਾਲ ਸਿੰਘ ਨੂੰ ਮਈ 2023 ‘ਚ ਨਾਭਾ ਜੇਲ੍ਹ ‘ਚੋਂ 1 ਲੱਖ ਰੁਪਏ ਦੇ ਨਿੱਜੀ ਬਾਂਡ ਭਰਵਾ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ, ਪ੍ਰੰਤੂ ਉਕਤ ਪ੍ਰਸਤਾਵ ਸੰਬੰਧੀ ਅਜੇ ਤੱਕ ਪੰਜਾਬ ਦੇ ਰਾਜਪਾਲ ਵਲੋਂ ਕੋਈ ਫ਼ੈਸਲਾ ਨਹੀਂ ਆਇਆ ਹੈ।

ਪਿਛਲੀ ਖ਼ਬਰ ਮੇਰਾ ਕਿਸੇ ਗਰੋਹ ਨਾਲ ਸੰਬੰਧ ਨਹੀਂ-ਸ਼ਹਿਜ਼ਾਦ ਭੱਟੀ ਅਗਲੀ ਖ਼ਬਰ ਡਿਊਟੀ ਦੌਰਾਨ ਕੁਤਾਹੀ ਵਰਤਣ ’ਤੇ ਐੱਸ.ਐੱਚ.ਓ. ਰਾਜਾਸਾਂਸੀ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।