24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

1991 ਦਾ ਫਰਜ਼ੀ ਪੁਲਿਸ ਮੁਕਾਬਲਾ-ਹੈੱਡ ਕਾਂਸਟੇਬਲ ਕਸ਼ਮੀਰ ਸਿੰਘ ਨੂੰ 5 ਸਾਲਾਂ ਦੀ ਸਖ਼ਤ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨਾ

ਅਜੀਤ ਡੈਸਕ 05-07-2026
ਐੱਸ. ਏ. ਐੱਸ. ਨਗਰ, 4 ਜੁਲਾਈ (ਕਪਿਲ ਵਧਵਾ)-ਕਰੀਬ 35 ਸਾਲ ਪੁਰਾਣੇ ਬਲਜੀਤ ਸਿੰਘ ਦੇ ਕਥਿਤ ਅਗਵਾ, ਨਾਜਾਇਜ਼ ਹਿਰਾਸਤ ਅਤੇ ਤਸ਼ੱਦਦ ਨਾਲ ਸੰਬੰਧਿਤ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਕੇਸ ਵਿਚ 2009 ਤੋਂ 2025 ਤੱਕ ਭਗੌੜੇ ਰਹੇ ਮੁਲਜ਼ਮ ਤਤਕਾਲੀ ਹੈੱਡ ਕਾਂਸਟੇਬਲ ਕਸ਼ਮੀਰ ਸਿੰਘ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ ਪੰਜ ਸਾਲਾਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਸਾਲ 1991 ਵਿਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੱਲੋਵਾਲ ਸੰਤ ਦੇ ਰਹਿਣ ਵਾਲੇ ਬਲਜੀਤ ਸਿੰਘ ਦੇ ਕਥਿਤ ਅਗਵਾ, ਨਾਜਾਇਜ਼ ਹਿਰਾਸਤ ਅਤੇ ਪੁਲਿਸ ਤਸ਼ੱਦਦ ਦੀ ਜਾਂਚ ਤੋਂ ਬਾਅਦ ਸੀ. ਬੀ. ਆਈ. ਨੇ ਉਸ ਸਮੇਂ ਦੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 29 ਮਾਰਚ, 2023 ਨੂੰ ਤਤਕਾਲੀ ਐੱਸ. ਐੱਚ. ਓ. ਸੂਬਾ ਸਿੰਘ, ਦਲਬੀਰ ਸਿੰਘ ਅਤੇ ਰਵੇਲ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਵੱਖ-ਵੱਖ ਧਾਰਾਵਾਂ ਤਹਿਤ ਸਜ਼ਾ ਸੁਣਾਈ ਸੀ। ਮਾਮਲੇ ਦੀ ਸੁਣਵਾਈ ਦੌਰਾਨ ਕਸ਼ਮੀਰ ਸਿੰਘ ਨੂੰ ਭਗੌੜਾ ਐਲਾਨਿਆ ਗਿਆ ਸੀ ਅਤੇ ਨਵੰਬਰ 2025 ਵਿਚ ਕਸ਼ਮੀਰ ਸਿੰਘ ਨੂੰ ਸੀ. ਬੀ. ਆਈ. ਵਲੋਂ ਗ੍ਰਿਫ਼ਤਾਰ ਕਰਕੇ ਕੇਸ ਮੁੜ ਖੁੱਲ੍ਹਵਾਇਆ ਗਿਆ ਸੀ। ਉਕਤ ਕੇਸ ਦੀ ਸੁਣਵਾਈ ਦੌਰਾਨ ਸੀ. ਬੀ. ਆਈ. ਵਲੋਂ ਪੈਰਵਾਈ ਲੀਜ਼ਾ ਗਰੋਵਰ ਨੇ ਕੀਤੀ, ਜਦਕਿ ਸ਼ਿਕਾਇਤਕਰਤਾ ਦੀ ਤਰਫੋਂ ਵਕੀਲ ਸਰਬਜੀਤ ਸਿੰਘ ਵੇਰਕਾ, ਵਕੀਲ ਪੁਸ਼ਪਿੰਦਰ ਸਿੰਘ ਨੱਤ ਅਤੇ ਜਗਜੀਤ ਸਿੰਘ ਬਾਜਵਾ ਅਦਾਲਤ ‘ਚ ਪੇਸ਼ ਹੋਏ। ਵਿਸ਼ੇਸ਼ ਨਿਆਂਇਕ ਮੈਜਿਸਟ੍ਰੇਟ ਕਰਨਵੀਰ ਸਿੰਘ ਮੱਜੂ ਦੀ ਅਦਾਲਤ ਨੇ ਅੱਜ ਸਨਿਚਰਵਾਰ ਨੂੰ ਕਸ਼ਮੀਰ ਸਿੰਘ ਨੂੰ ਆਈ. ਪੀ. ਸੀ. ਦੀ ਧਾਰਾ 120-ਬੀ ਸਮੇਤ 365, 344 ਤੇ 330 ਤਹਿਤ 5 ਸਾਲਾਂ ਦੀ ਸਖ਼ਤ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਪਿਛਲੀ ਖ਼ਬਰ 1991 ਦਾ ਦੌਰ ਯਾਦ ਕਰਦਿਆਂ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ-ਪਰਿਵਾਰ ਅਗਲੀ ਖ਼ਬਰ ਕਰ ਭਲਾ ਹੋ ਭਲਾ ਸੁਸਾਇਟੀ ਨੇ ਆਰ.ਕੇ. ਸਕੂਲ ਦੇ ਇੱਕ ਅਧਿਆਪਕ ਦੀ ਸਾਲ ਭਰ ਦੀ ਤਨਖਾਹ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।