ਚੰਡੀਗੜ੍ਹ, 2 ਜੂਨ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-20 ਵਿਚ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਓਵਰਟੇਕ ਕਾਰਨ ਹੋਏ ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਇਕ ਨੌਜਵਾਨ ਨੇ ਕਰੀਬ ਸਵਾ 12 ਵਜੇ ਦੇਸੀ ਕੱਟੇ ਨਾਲ ਗੋਲੀਆਂ ਚਲਾ ਦਿੱਤੀਆਂ | ਪੁਲਿਸ ਨੇ ਕੱੁਝ ਹੀ ਦੇਰ ਵਿਚ ਜੈ ਕਿਸ਼ਨ ਨਾਮ ਦੇ ਮੁਲਜ਼ਮ ਨੂੰ ਕਾਬੂ ਕਰ ਲਿਆ ਜਦਕਿ ਉਸ ਦੇ ਸਾਥੀ ਫ਼ਰਾਰ ਹੋ ਗਏ | ਹਾਲਾਂਕਿ ਇਹ ਫਾਈਰਿੰਗ ਦੀ ਵਾਰਦਾਤ ਪ੍ਰਸਿੱਧ ਗਾਇਕ ਬੀ ਪਰਾਕ ਦੇ ਘਰ ਨਜ਼ਦੀਕ ਹੋਣ ਬਾਰੇ ਸਾਹਮਣੇ ਆਈ ਸੀ, ਪ੍ਰੰਤੂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਇਕ ਦਾ ਘਰ ਵਾਰਦਾਤ ਵਾਲੀ ਜਗ੍ਹਾ ਤੋਂ ਕੁੱਝ ਦੂਰੀ 'ਤੇ ਹੈ ਤੇ ਉਸ ਦਾ ਇਸ ਵਾਰਦਾਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਹੈ | ਪੁਲਿਸ ਅਨੁਸਾਰ ਘਟਨਾ ਦੀ ਸ਼ੁਰੂਆਤ ਸੈਕਟਰ-33 ਤੇ ਸੈਕਟਰ-20 ਨੂੰ ਜੋੜਨ ਵਾਲੀ ਸੜਕ 'ਤੇ ਹੋਈ | ਨਿੱਜੀ ਕੰਪਨੀ ਵਿਚ ਕੰਮ ਕਰਨ ਵਾਲੇ ਦੋ ਨੌਜਵਾਨ ਮੋਟਰਸਾਈਕਲ 'ਤੇ ਆਪਣੇ ਪੀ.ਜੀ. ਵੱਲ ਜਾ ਰਹੇ ਸਨ | ਇਸ ਦੌਰਾਨ ਐਕਟਿਵਾ ਸਵਾਰ ਜੈ ਕਿਸ਼ਨ ਤੇ ਉਸ ਦੇ ਸਾਥੀ ਨੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਨੂੰ ਓਵਰਟੇਕ ਕਰਦੇ ਹੋਏ ਕੱਟ ਮਾਰ ਦਿੱਤਾ | ਜਿਸ ਨਾਲ ਦੋਵੇਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋ ਗਈ | ਜਾਂਚ ਦੌਰਾਨ ਪਤਾ ਲੱਗਾ ਕਿ ਐਕਟਿਵਾ ਸਵਾਰ ਨੌਜਵਾਨਾਂ ਨੇ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕੀਤਾ ਤੇ ਘਰ ਦਾ ਪਤਾ ਕਰਨ ਤੋਂ ਬਾਅਦ ਜੈ ਕਿਸ਼ਨ ਆਪਣੇ ਘਰ ਤੋਂ ਦੇਸੀ ਕੱਟਾ ਲੈ ਕੇ ਆਪਣੇ ਸਾਥੀਆਂ ਨਾਲ ਮੁੜ ਸੈਕਟਰ-20 ਪਹੁੰਚਿਆ, ਜਿੱਥੇ ਚਾਰ ਨੌਜਵਾਨਾਂ ਨੇ ਪੀ.ਜੀ. ਦੇ ਹੇਠਾਂ ਖੜ੍ਹੇ ਮੋਟਰਸਾਈਕਲ ਦੀ ਭੰਨ-ਤੋੜ ਕੀਤੀ | ਜਿਸਦੀ ਆਵਾਜ਼ ਸੁਣ ਕੇ ਪੀ.ਜੀ. 'ਚ ਬੈਠੇ ਨੌਜਵਾਨ ਹੇਠਾਂ ਆਏ ਅਤੇ ਦੋਵੇਂ ਧਿਰਾਂ ਹੱਥੋ-ਪਾਈ ਹੋ ਗਈਆਂ | ਵਿਵਾਦ ਵਧਣ 'ਤੇ ਜੈ ਕਿਸ਼ਨ ਨੇ ਦੇਸੀ ਕੱਟਾ ਕੱਢ ਕੇ ਫਾਇਰ ਕਰ ਦਿੱਤਾ | ਇਸ ਸੰਬੰਧੀ ਸੂਚਨਾ ਮਿਲਣ 'ਤੇ ਥਾਣਾ ਸੈਕਟਰ-19 ਦੀ ਇੰਚਾਰਜ ਇੰਸਪੈਕਟਰ ਸਰਿਤਾ ਰੌਏ ਨੇ ਕਾਰਵਾਈ ਦੌਰਾਨ ਜੈ ਕਿਸ਼ਨ ਨੂੰ ਕੁੱਝ ਹੀ ਦੂਰੀ ਤੋਂ ਕਾਬੂ ਕਰ ਲਿਆ ਜਦਕਿ ਉਸ ਦੇ ਸਾਥੀ ਫਰਾਰ ਹੋ ਗਏ | ਮੰਗਲਵਾਰ ਨੂੰ ਮੁਲਜ਼ਮ ਜੈ ਕਿਸ਼ਨ ਨੂੰ ਅਦਾਲਤ ਵਿਚ ਪੇਸ਼ ਕਰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ |