ਬਠਿੰਡਾ, 2 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ ਪੰਜਾਬ ਨੂੰ ਸਿਹਤ ਸਹੂਲਤਾਂ ਦੇ ਖੇਤਰ ਵਿਚ ਮੋਹਰੀ ਬਣਾਉਣਾ ਕੇਂਦਰ ਸਰਕਾਰ ਦਾ ਮੁੱਖ ਏਜੰਡਾ ਹੈ, ਜਿਸ ਲਈ ਪਿਛਲੇ 10 ਸਾਲਾਂ ਅੰਦਰ ਪੰਜਾਬ ਨੇ ਕੇਂਦਰ ਸਰਕਾਰ ਤੋਂ ਜੋ ਵੀ ਸਿਹਤ ਸਹੂਲਤ ਮੰਗੀ, ਉਹ ਦਿੱਤੀ ਗਈ ਹੈ | ਸਿਹਤ ਮੰਤਰੀ ਨੇ ਇਹ ਦਾਅਵਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼ ਬਠਿੰਡਾ) ਵਿਖੇ ਇਕ ਸਮਾਗਮ 'ਚ ਆਪਣੇ ਭਾਸ਼ਣ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜ ਦੌਰਾਨ ਪੰਜਾਬ ਨੂੰ ਏਮਜ਼ ਬਠਿੰਡਾ ਦਿੱਤਾ ਗਿਆ ਤੇ ਜਿੱਥੇ-ਜਿੱਥੇ ਮੰਗ ਕੀਤੀ ਗਈ, ਉੱਥੇ ਜ਼ਿਲ੍ਹਾ ਹਸਪਤਾਲ ਦਿੱਤੇ ਗਏ ਤੇ ਸਿਰਫ਼ ਇਕੱਲੇ ਪੰਜਾਬ ਨੂੰ ਸੰਗਰੂਰ ਤੇ ਫ਼ਿਰੋਜ਼ਪੁਰ ਵਿਚ ਕਰੋੜਾਂ ਦੀ ਲਾਗਤ ਵਾਲੇ ਦੋ ਸੈਟੇਲਾਈਟ ਸੈਂਟਰ ਵੀ ਦਿੱਤੇ ਗਏ | ਇਸੇ ਤਰ੍ਹਾਂ ਡਿਗਰੀ ਕਾਲਜ, ਸੁਪਰ ਸਪੈਸ਼ਲਿਟੀ ਬਲਾਕ, ਕੈਂਸਰ ਸੈਂਟਰ, ਸਟੇਟ ਕੈਂਸਰ ਇੰਸਟੀਚਿਊਟ ਸਿਰਫ਼ ਪਿਛਲੇ 10 'ਚ ਸਾਲਾਂ 'ਚ ਦਿੱਤੇ ਗਏ ਹਨ | ਨੱਢਾ ਨੇ ਕਿਹਾ ਕਿ ਪੰਜਾਬ 'ਚ ਸਿਹਤ ਸਿੱਖਿਆ ਤਾਂ ਸੀ ਪਰ ਇਸ ਨੂੰ ਉਭਾਰਿਆ ਕਿਵੇਂ ਜਾਵੇ, ਇਸ ਦੀ ਨੀਤੀ ਨਹੀਂ ਬਣਾਈ ਗਈ ਸੀ ਪਰ ਕੇਂਦਰ ਸਰਕਾਰ ਖ਼ਾਸਕਰ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸਿਹਤ ਸਿੱਖਿਆ ਦੀ ਨੀਤੀ 'ਤੇ ਕੰਮ ਕੀਤਾ, ਜਿਨ੍ਹਾਂ ਨੇ ਦੇਸ਼ ਭਰ 'ਚ ਅੱਧੀ ਦਰਜਨ ਏਮਜ਼ ਦੀ ਸਥਾਪਨਾ ਕੀਤੀ ਪਰ ਉਸੇ ਰਾਹ 'ਤੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹੁਣ ਤੱਕ 16 ਏਮਜ਼ ਦੇਸ਼ ਨੂੰ ਦਿੱਤੇ ਗਏ ਹਨ, ਜਿਨ੍ਹਾਂ 'ਚ ਬਠਿੰਡਾ ਏਮਜ਼ ਵੀ ਸ਼ਾਮਿਲ ਹੈ | ਉਨ੍ਹਾਂ ਮੈਡੀਕਲ ਕਾਲਜਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਅੰਦਰ ਇਨ੍ਹਾਂ ਕਾਲਜਾਂ ਦੀ ਗਿਣਤੀ 387 ਤੋਂ ਵਧਾ ਕੇ 820 ਕਰ ਦਿੱਤੀ ਗਈ ਹੈ, ਜਦਕਿ ਮੈਡੀਕਲ ਦੀਆਂ ਸੀਟਾਂ 51 ਹਜ਼ਾਰ ਤੋਂ ਵਧਾ ਕੇ 1 ਲੱਖ ਕੀਤੀਆਂ ਹਨ ਪਰ ਉਹ ਰੁਕ ਨਹੀਂ ਰਹੇ, ਅਗਲੇ 5 ਸਾਲਾਂ ਅੰਦਰ ਇਨ੍ਹਾਂ ਸੀਟਾਂ ਦੀ ਗਿਣਤੀ 65 ਹਜ਼ਾਰ ਹੋਰ ਵਧਾਉਣ ਦੀ ਯੋਜਨਾ ਹੈ |
ਪੰਜਾਬ ਨੂੰ ਸਿਹਤ ਸਹੂਲਤਾਂ ਦੇ ਖੇਤਰ 'ਚ ਮੋਹਰੀ ਬਣਾਉਣਾ ਕੇਂਦਰ ਸਰਕਾਰ ਦਾ ਮੁੱਖ ਏਜੰਡਾ-ਨੱਢਾ
ਅਜੀਤ ਡੈਸਕ
03-06-2026