13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਸ਼ੀਨੀ ਦੌਰ 'ਚ ਵੀ ਬਰਕਰਾਰ ਹੈ ਰਾਜਪੁਰਾ ਦੀਆਂ ਬਣੀਆਂ ਦਾਤੀਆਂ ਤੇ ਕਿਸਾਨੀ ਸੰਦਾਂ ਦੀ ਸਰਦਾਰੀ <br/>

ਅਜੀਤ ਡੈਸਕ 18-04-2026
ਰਣਜੀਤ ਸਿੰਘ
ਰਾਜਪੁਰਾ (ਪਟਿਆਲਾ), 17 ਅਪ੍ਰੈਲ -ਭਾਵੇਂ ਕਿ ਅੱਜ ਦੇ ਮਸ਼ੀਨੀ ਯੁੱਗ ਨੇ ਖੇਤੀਬਾੜੀ ਦੇ ਹਰ ਖੇਤਰ ਵਿਚ ਦਸਤਕ ਦੇ ਦਿੱਤੀ ਹੈ ਅਤੇ ਕਣਕ ਦੀ ਵਢਾਈ ਲਈ ਵੱਡੀਆਂ ਕੰਬਾਈਨਾਂ ਨੇ ਪੈਰ ਪਸਾਰ ਲਏ ਹਨ | ਦਾਤੀਆਂ, ਖੁਰਪੇ, ਤਰੰਗਲੀਆਂ ਬਣਾਉਣ ਵਾਲੇ ਕਾਰੀਗਰਾਂ ਦੇ ਕੰਮ 'ਤੇ ਮਸ਼ੀਨੀ ਯੁੱਗ ਨੇ ਸੱਟ ਮਾਰੀ ਹੈ | ਪਰ ਇਸ ਦੇ ਬਾਵਜੂਦ ਵੀ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਰਵਾਇਤੀ ਸੰਦਾਂ ਅਤੇ ਖ਼ਾਸ ਤੌਰ 'ਤੇ ਹੱਥੀਂ ਬਣੀਆਂ ਦਾਤੀਆਂ ਅਤੇ ਤਰੰਗਲੀਆਂ ਦੀ ਸਰਦਾਰੀ ਦਾ ਬੋਲਬਾਲਾ ਹੈ | ਰਾਜਪੁਰਾ ਸ਼ਹਿਰ ਦੀਆਂ ਬਣੀਆਂ ਦਾਤੀਆਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਵੀ ਜਾਂਦੀਆਂ ਹਨ | ਬਾਹਰਲੇ ਸੂਬਿਆਂ ਵਿਚ ਵਸੇ ਕਿਸਾਨ ਅੱਜ ਵੀ ਰਾਜਪੁਰਾ ਤੋਂ ਹੀ ਦਾਤੀਆਂ ਮੰਗਵਾਉਣ ਨੰੂ ਪਹਿਲ ਦਿੰਦੇ ਹਨ | ਇਸ ਸੰਬੰਧੀ ਫੋਰਮੈਨ ਹਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਪਿਤਾ-ਪੁਰਖੀ ਕੰਮ ਹੈ ਅਤੇ ਅੱਜ ਉਸ ਦਾ ਬੇਟਾ ਵੀ ਉਸ ਦੇ ਨਾਲ ਹੀ ਕੰਮ 'ਤੇ ਲੱਗਾ ਹੋਇਆ ਹੈ | ਉਨ੍ਹਾਂ ਨੇ ਦੱਸਿਆ ਕਿ ਭਾਵੇਂ ਅੱਜ ਦੇ ਯੁੱਗ ਵਿਚ ਖੇਤੀਬਾੜੀ ਪੂਰੀ ਤਰ੍ਹਾਂ ਮਸ਼ੀਨੀਕਰਨ ਵੱਲ ਨੂੰ ਵੱਧ ਗਈ ਹੈ | ਪਹਿਲਾਂ ਜਿੱਥੇ ਕਣਕ ਦੀ ਵਢਾਈ ਗਹਾਈ ਨੂੰ ਕਈ ਕਈ ਦਿਨ ਦਾ ਸਮਾਂ ਲੰਘ ਜਾਂਦਾ ਸੀ ਅੱਜ ਉਹੀ ਹਫ਼ਤਿਆਂ ਦਾ ਕੰਮ ਦਿਨਾਂ ਵਿਚ ਤੇ ਦਿਨਾਂ ਦਾ ਕੰਮ ਘੰਟਿਆਂ ਵਿਚ ਹੋ ਜਾਂਦਾ ਹੈ | ਇਸ ਸਭ ਦੇ ਬਾਅਦ ਵੀ ਕਈ ਕਿਸਾਨ ਖ਼ਾਸ ਤੌਰ 'ਤੇ ਛੋਟੇ ਕਿਸਾਨਾਂ ਵਿਚ ਦਾਤੀ ਦੀ ਅਹਿਮੀਅਤ ਘਟੀ ਨਹੀਂ | ਕਿਸਾਨਾਂ ਦਾ ਮੰਨਣਾ ਹੈ ਕਿ ਕੰਬਾਈਨਾਂ ਨਾਲ ਕਣਕ ਦੀ ਕਟਾਈ ਨਾਲੋਂ ਦਾਤੀ ਨਾਲ ਕੀਤੀ ਗਈ ਕਟਾਈ ਦੀ ਤੂੜੀ ਜ਼ਿਆਦਾ ਮਿਆਰੀ ਹੁੰਦੀ ਹੈ | ਪਸ਼ੂ ਇਸ ਤੂੜੀ ਨੂੰ ਬੜੇ ਚਾਅ ਨਾਲ ਖਾਂਦੇ ਹਨ | ਦਾਤੀ ਨਾਲ ਖੇਤੀ ਕਰਨਾ ਸਿਰਫ਼ ਇਕ ਕੰਮ ਹੀ ਨਹੀਂ ਹੈ ਸਗੋਂ ਸਾਡੀ ਪੁਰਾਤਨ ਖੇਤੀ ਵਿਰਾਸਤ ਦਾ ਹਿੱਸਾ ਹੈ | ਹਰਨੇਕ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ-ਪੁਰਖੀ ਕੰਮ ਵਿਚ ਲੱਗੇ ਹੋਏ ਹਨ ਅਤੇ ਮਸ਼ੀਨੀਕਰਨ ਦੇ ਯੁੱਗ ਵਿਚ ਵੀ ਖੇਤੀ ਵਿਰਾਸਤ ਦੇ ਅਹਿਮ ਹਿੱਸੇ ਦਾਤੀਆਂ ਬਣਾ ਕੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ | ਉਨ੍ਹਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਇਸ ਪੁਰਾਤਨ ਵਿਰਸੇ ਵੱਲ ਬਣਦਾ ਧਿਆਨ ਦਿੱਤਾ ਜਾਵੇ | ਛੋਟੇ ਕੰਮਕਾਰ ਕਰਨ ਵਾਲਿਆਂ ਨੂੰ ਸਸਤੇ ਵਿਆਜ 'ਤੇ ਕਰਜ਼ੇ ਵਗ਼ੈਰਾ ਦਿੱਤੇ ਜਾਣੇ ਚਾਹੀਦੇ ਹਨ |

ਪਿਛਲੀ ਖ਼ਬਰ ਸਕੂਲ 'ਚ ਪੜ੍ਹਾ ਰਹੀ ਅਧਿਆਪਕਾ 'ਤੇ ਨੌਜਵਾਨ ਨੇ ਸੁੱਟਿਆ ਤੇਜ਼ਾਬ <br/> ਅਗਲੀ ਖ਼ਬਰ ਕਾਂਗਰਸ ਹਾਈਕਮਾਨ ਨੇ 'ਪੰਜਾਬ ਦੀ ਜੰਗ 2027' ਲਈ ਬਣਾਈ ਵੱਡੀ ਰਣਨੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।