20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਭਾਜਪਾ ਦੀ ਸਰਪ੍ਰਸਤੀ ਹੇਠ ਗੁਜਰਾਤ ਦੇ ਹਰ ਕੋਨੇ ਵਿਚ ਨਸ਼ਾ ਫੈਲ ਰਿਹਾ-ਕੇਜਰੀਵਾਲ

ਅਜੀਤ ਡੈਸਕ 27-03-2026

ਨਵੀਂ ਦਿੱਲੀ/ਗੁਜਰਾਤ, 26 ਮਾਰਚ (ਅਜੀਤ ਬਿਊਰੋ)-ਗੁਜਰਾਤ ਦੌਰੇ 'ਤੇ ਆਏ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੁਲਿਸ ਹਿਰਾਸਤ 'ਚੋਂ ਗਾਇਬ ਹੋਏ ਨਸ਼ਿਆਂ ਨੂੰ ਲੈ ਕੇ ਭਾਜਪਾ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ | ਉਨ੍ਹਾਂ ਕਿਹਾ ਕਿ ਗੁਜਰਾਤ ਪੁਲਿਸ ਦੀ ਹਿਰਾਸਤ ਵਿਚੋਂ ਲਗਭਗ 2,300 ਕਿਲੋ ਤੋਂ ਵੱਧ ਨਸ਼ਾ ਚੂਹੇ ਖਾ ਗਏ, ਇਹ ਲੋਕ ਕਿਸ ਨੂੰ ਮੂਰਖ ਬਣਾ ਰਹੇ ਹਨ? ਲਗਭਗ 35 ਫੀਸਦੀ ਜ਼ਬਤ ਕੀਤਾ ਨਸ਼ਾ ਪੁਲਿਸ ਦੀ ਰਖਵਾਲੀ ਵਿਚੋਂ ਹੀ ਗਾਇਬ ਹੋ ਗਿਆ | ਇਸ ਗਾਇਬ ਹੋਏ ਨਸ਼ੇ ਨਾਲ ਕਿੰਨੇ ਤਸਕਰਾਂ ਨੂੰ ਸਪਲਾਈ ਕੀਤੀ ਗਈ? ਸੱਚ ਤਾਂ ਇਹ ਹੈ ਕਿ ਭਾਜਪਾ ਦੀ ਸਰਪ੍ਰਸਤੀ ਹੇਠ ਗੁਜਰਾਤ ਦੇ ਹਰ ਕੋਨੇ ਵਿਚ ਨਸ਼ਾ ਫੈਲ ਰਿਹਾ ਹੈ ਅਤੇ ਜਿੰਦਗੀਆਂ ਬਰਬਾਦ ਹੋ ਰਹੀਆਂ ਹਨ | ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜਾਮਨਗਰ ਵਿਚ 'ਵਿਜੇ ਵਿਸ਼ਵਾਸ ਸਭਾ' ਨੂੰ ਸੰਬੋਧਨ ਕਰਦਿਆਂ ਭਾਜਪਾ ਤੇ ਕਾਂਗਰਸ ਨੂੰ ਆੜੇ ਹੱਥੀਂ ਲਿਆ | ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਦੀ ਸਰਕਾਰ ਹੈ | ਅੱਜ ਪੰਜਾਬ ਦਾ ਕਿਸਾਨ ਖੁਸ਼ਹਾਲ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਕਿਸਾਨ ਦਾ ਪੁੱਤਰ ਹੈ | ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਗੁਜਰਾਤ ਵਿਚ ਭਾਜਪਾ ਦੀ ਸਰਕਾਰ ਹੈ | ਜਨਤਾ ਨੇ ਕਾਂਗਰਸ ਰਾਹੀਂ ਬਦਲਾਅ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਭਾਜਪਾ ਨਾਲ ਮਿਲ ਗਏ | ਨਰਮਦਾ ਨਦੀ ਦਾ ਪਾਣੀ ਹਰ ਖੇਤ ਤੱਕ ਪਹੁੰਚਾਉਣ ਦਾ ਵਾਅਦਾ ਵਫ਼ਾ ਨਹੀਂ ਹੋਇਆ | ਪੰਜਾਬ ਵਿਚ ਵੀ ਚਾਰ ਸਾਲ ਪਹਿਲਾਂ ਸਿਰਫ਼ 21 ਫੀਸਦੀ ਖੇਤਾਂ ਨੂੰ ਨਹਿਰੀ ਪਾਣੀ ਮਿਲਦਾ ਸੀ, ਪਰ ਅੱਜ ਅਸੀਂ ਇਸ ਨੂੰ 78 ਫੀਸਦੀ ਤੱਕ ਪਹੁੰਚਾ ਦਿੱਤਾ ਹੈ | ਪੰਜਾਬ ਦਾ ਕਿਸਾਨ ਮੰਡੀ ਤੋਂ ਘਰ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਖਾਤੇ ਵਿਚ ਫ਼ਸਲ ਦੀ ਰਕਮ ਪਾ ਲੈਂਦਾ ਹੈ, ਪਰ ਗੁਜਰਾਤ ਵਿਚ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਾਂਗ ਗੁਜਰਾਤ ਦੀ ਜਨਤਾ ਵੀ ਸਹੂਲਤਾਂ ਦੀ ਹੱਕਦਾਰ ਹੈ, ਪਰ ਇਸ ਲਈ ਇੱਕ ਇਮਾਨਦਾਰ ਸਰਕਾਰ ਚਾਹੀਦੀ ਹੈ | ਇਸ ਲਈ ਗੁਜਰਾਤ ਵਾਸੀਆਂ ਨੂੰ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ ਹੈ |

ਪਿਛਲੀ ਖ਼ਬਰ ਪਿੰਡ ਗਿੱਲ ਦੇ 'ਆਪ' ਵਰਕਰਾਂ ਨੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਪ੍ਰਧਾਨ ਮੰਤਰੀ ਕੱਲ੍ਹ ਕਰਨਗੇ ਨਵੇਂ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।