ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਵੋਟਰਾਂ, ਅਧਿਕਾਰੀਆਂ ਤੇ ਰਾਜਨੀਤਕ ਪਾਰਟੀਆਂ ਲਈ ਇਕ ਨਵਾਂ ਡਿਜੀਟਲ ਇੰਟਰਫ਼ੇਸ ਲਾਂਚ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਗਲਤ ਸੂਚਨਾ ਦਾ ਮੁਕਾਬਲਾ ਕਰਨ ਦਾ ਇਕ ਟੂਲ ਦੱਸਿਆ | ਇਸ ਨਵੇਂ ਪਲੇਟਫਾਰਮ ਦਾ ਵਿਚਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਤੇ ਡਾ. ਵਿਵੇਕ ਜੋਸ਼ੀ ਦੁਆਰਾ ਪੇਸ਼ ਕੀਤਾ ਗਿਆ ਸੀ ਤੇ ਇਸ ਨੂੰ ਡਿਜ਼ਾਈਨ ਕਰਨ ਦਾ ਐਲਾਨ ਮਈ 2025 'ਚ ਕੀਤਾ ਗਿਆ ਸੀ | ਮੁੱਖ ਚੋਣ ਕਮਿਸ਼ਨਰ ਨੇ ਇਥੇ ਅੰਤਰਰਾਸ਼ਟਰੀ ਸੰਮੇਲਨ 'ਚ ਸ਼ਾਮਿਲ ਦੇਸ਼ਾਂ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ ਨੂੰ ਵੀ ਮਦਦ ਦੀ ਪੇਸ਼ਕਸ਼ ਕੀਤੀ ਤਾਂ ਕਿ ਉਹ ਆਪਣੀਆਂ ਭਾਸ਼ਾਵਾਂ 'ਚ ਅਤੇ ਆਪਣੇ ਕਾਨੂੰਨਾਂ ਅਨੁਸਾਰ ਅਜਿਹਾ ਹੀ ਟੂਲ ਵਿਕਸਿਤ ਕਰ ਸਕਣ | ਉਨ੍ਹਾਂ ਨੇ ਕਿਹਾ ਕਿ ਵੱਖ ਵੱਖ ਚੋਣ ਪ੍ਰਬੰਧਨ ਸੰਸਥਾਵਾਂ ਦੇ ਮੁਖੀਆਂ ਨੇ ਸੰਮੇਲਨ ਦੌਰਾਨ ਗਲਤ ਸੂਚਨਾ 'ਤੇ ਚਿੰਤਾ ਪ੍ਰਗਟ ਕੀਤੀ ਸੀ | ਉਨ੍ਹਾਂ ਈ.ਸੀ.ਆਈ.-ਨੈੱਟ ਨੂੰ ਗਲਤ ਸੂਚਨਾ ਦਾ ਮੁਕਾਬਲਾ ਕਰਨ ਦਾ ਇਕ ਹੋਰ ਟੂਲ ਦੱਸਿਆ, ਕਿਉਂਕਿ ਇਸ ਨਾਲ ਚੋਣ ਨਾਲ ਸੰਬੰਧਿਤ ਸਾਰੇ ਤੱਥ ਉਪਲੱਬਧ ਹਨ | ਈ.ਸੀ.ਆਈ.-ਨੈੱਟ ਆਪਣੇ 40 ਤੋਂ ਜ਼ਿਆਦਾ ਮੌਜੂਦਾ ਮੋਬਾਈਲ ਤੇ ਵੈੱਬ ਐਪਲੀਕੇਸ਼ਨਾਂ ਨੂੰ ਏਕੀਕ੍ਰਿਤ ਕਰੇਗਾ ਅਤੇ ਚੋਣ ਨਾਲ ਸੰਬੰਧਿਤ ਸਾਰੀਆਂ ਗਤੀਵਿਧੀਆਂ ਲਈ ਇਕ ਸਿੰਗਲ ਪਲੇਟਫਾਰਮ ਪ੍ਰਦਾਨ ਕਰੇਗਾ | ਇਹ 22 ਭਾਸ਼ਾਵਾਂ ਤੇ ਅੰਗਰੇਜ਼ੀ 'ਚ ਵੀ ਉਪਲੱਬਧ ਹੈ | ਇਹ ਨਵਾਂ ਪਲੇਟਫਾਰਮ ਉਪਭੋਗਕਰਤਾਵਾਂ ਨੂੰ ਕਈ ਐਪ ਡਾਉਨਲੋਡ ਕਰਨ ਤੇ ਨੈਵੀਗੇਟ ਕਰਨ ਅਤੇ ਵੱਖ ਵੱਖ ਲਾਗਇਨ ਯਾਦ ਰੱਖਣ ਦੇ ਬੋਝ ਨੂੰ ਘੱਟ ਕਰੇਗਾ | ਇਸ ਦੇ ਇਲਾਵਾ ਈ.ਸੀ.ਆਈ.-ਨੈੱਟ ਉਪਭੋਗਕਰਤਾਵਾਂ ਨੂੰ ਆਪਣੇ ਡੈਸਕਟਾਪ ਜਾਂ ਸਮਾਰਟਫੋਨ 'ਤੇ ਸੰਬੰਧਿਤ ਚੋਣ ਡਾਟੇ ਤੱਕ ਪਹੁੰਚ ਕਰਨ ਦੇ ਯੋਗ ਵੀ ਬਣਾਏਗਾ |
ਮੁੱਖ ਚੋਣ ਕਮਿਸ਼ਨਰ ਵਲੋਂ ਨਵਾਂ ਈ.ਸੀ. ਪਲੇਟਫਾਰਮ ਲਾਂਚ ਕਿਹਾ, ਗਲਤ ਸੂਚਨਾ ਦਾ ਕਰੇਗਾ ਮੁਕਾਬਲਾ <br/>
ਅਜੀਤ ਡੈਸਕ
23-01-2026