13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪਿਛਲੇ ਦੋ ਮਹੀਨਿਆਂ ਤੋਂ ਨਾਲੀਆਂ ਵਿਚ ਰੁੜ੍ਹ ਰਿਹੈ ਪੀਣ ਵਾਲਾ ਪਾਣੀ ਪ੍ਰਸ਼ਾਸਨ ’ਤੇ ਉਠੇ ਸਵਾਲ

ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਹਰਮਹਿੰਦਰ ਪਾਲ)-ਜਨ ਸਿਹਤ ਵਿਭਾਗ ਦੇ ਦਫ਼ਤਰ ਤੋਂ ਥੋੜ੍ਹੀ ਦੂਰ ਕੋਟਕਪੂਰਾ ਮੁੱਖ ਮਾਰਗ ਉਪਰ ਜੀ. ਐਸ.

ਸ੍ਰੀ ਮੁਕਤਸਰ ਸਾਹਿਬ ਵਿਖੇ ਬਰਬਾਦ ਹੋ ਰਿਹਾ ਪੀਣ ਵਾਲਾ ਸਾਫ਼ ਪਾਣੀ। 13-10-2026
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਹਰਮਹਿੰਦਰ ਪਾਲ)-ਜਨ ਸਿਹਤ ਵਿਭਾਗ ਦੇ ਦਫ਼ਤਰ ਤੋਂ ਥੋੜ੍ਹੀ ਦੂਰ ਕੋਟਕਪੂਰਾ ਮੁੱਖ ਮਾਰਗ ਉਪਰ ਜੀ.ਐਸ.ਟੀ. ਭਵਨ ਦੇ ਸਾਹਮਣੇ ਪਿਛਲੇ ਦੋ ਮਹੀਨਿਆਂ ਤੋਂ ਪੀਣ ਵਾਲਾ ਸਾਫ਼ ਪਾਣੀ ਨਾਲੀਆਂ ਅਤੇ ਸੀਵਰੇਜ ਵਿਚ ਰੁੜ੍ਹ ਕੇ ਅਜਾਈਂ ਗੁਆਚ ਰਿਹਾ ਹੈ। ਇਕ ਪਾਸੇ ਜਿੱਥੇ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਚੱਲ ਰਹੀ ਹੈ, ਉਥੇ ਹੀ ਦੂਜੇ ਪਾਸੇ ਹਜ਼ਾਰਾਂ ਲੀਟਰ ਸਾਫ਼ ਪਾਣੀ ਦੀ ਹੁੰਦੀ ਬਰਬਾਦੀ ਪ੍ਰਸ਼ਾਸਨਿਕ ਅਣਗਹਿਲੀ ਨੂੰ ਬਿਆਨ ਕਰ ਰਹੀ ਹੈ। ਇਲਾਕਾ ਨਿਵਾਸੀਆਂ ਤੇ ਦੁਕਾਨਦਾਰਾਂ ਰਾਣਾ ਸੱਚਦੇਵਾ, ਵਿਜੈ ਕੁਮਾਰ ਤੇ ਰਾਜਨ ਕੁਮਾਰ ਉਦੇਕਰਨ ਵਾਲਿਆਂ ਨੇ ਦੱਸਿਆ ਕਿ ਸੜਕ ਉਪਰ ਨਵੀਂ ਵਾਟਰ ਸਪਲਾਈ ਪਾਈਪ ਪਾਉਣ ਵੇਲੇ ਠੇਕੇਦਾਰ ਦੇ ਬੰਦਿਆਂ ਨੇ ਪੁਰਾਣੀ ਪਾਈਪ ਤੋੜ ਦਿੱਤੀ ਸੀ। ਇਸ ਸਮੱਸਿਆ ਦੇ ਹੱਲ ਲਈ ਲੋਕ ਜਨ ਸਿਹਤ ਵਿਭਾਗ ਕੋਲ ਗੇੜੇ ਕੱਢ-ਕੱਢ ਕੇ ਥੱਕ ਗਏ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸਥਾਨਕ ਲੋਕਾਂ ਅਨੁਸਾਰ ਨਾਲੀਆਂ ਤੇ ਸੀਵਰੇਜ ਦੇ ਗੰਦੇ ਪਾਣੀ ਨਾਲ ਪੀਣ ਵਾਲੀ ਪਾਈਪ ਦੀ ਲੀਕੇਜ ਮਿਲਣ ਕਰਕੇ ਘਰਾਂ ਵਿਚ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਦੂਸ਼ਿਤ ਪਾਣੀ ਦੀ ਵਰਤੋਂ ਨਾਲ ਹੈਜ਼ਾ, ਟਾਈਫਾਈਡ, ਉਲਟੀਆਂ-ਦਸਤ ਅਤੇ ਹੋਰ ਪੇਟ ਦੀਆਂ ਗੰਭੀਰ ਬਿਮਾਰੀਆਂ ਫ਼ੈਲਣ ਦਾ ਡਰ ਹੈ, ਜੋ ਕਿ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਹੈ। ਜਦੋਂ ਵਾਟਰ ਵਰਕਸ ਵਲੋਂ ਪਾਣੀ ਛੱਡਿਆ ਜਾਂਦਾ ਹੈ, ਉਸ ਵੇਲੇ ਇੱਥੇ ਪਾਣੀ ਦਾ ਹੜ੍ਹ ਆ ਜਾਂਦਾ ਹੈ ਅਤੇ ਇਹ ਪਾਣੀ ਸੜਕ ਉਪਰ ਫ਼ੈਲ ਜਾਂਦਾ ਹੈ। ਇਸ ਕਾਰਨ ਸੜਕ ਉਪਰ ਡੂੰਘੇ ਟੋਏ ਬਣ ਚੁੱਕੇ ਹਨ, ਜਿਨ੍ਹਾਂ ਵਿਚ ਫਸ ਕੇ ਮੋਟਰਸਾਈਕਲ ਤੇ ਸਕੂਟਰ ਚਾਲਕ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ। ਦੁਕਾਨਾਂ ਅੱਗੇ ਪਾਣੀ ਦਾ ਛੱਪੜ ਲੱਗਿਆ ਰਹਿਣ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਸੜਕ ਬਣਨ ਤੋਂ ਪਹਿਲਾਂ ਇਸ ਲੀਕੇਜ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਦੌਰਾਨ ਜਨ ਸਿਹਤ ਵਿਭਾਗ ਦੇ ਐਸ.ਡੀ.ਓ. ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜਲਦੀ ਹੀ ਇਸ ਸਮੱਸਿਆ ਨੂੰ ਠੀਕ ਕਰਵਾ ਦਿੱਤਾ ਜਾਵੇਗਾ।
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਨਿਸ਼ਾਨ ਅਕੈਡਮੀ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਤੇ ਵਿਕਾਸ ਸਮੇਤ ਹਰ ਮੁਹਾਜ਼ ’ਤੇ ਅਸਫ਼ਲ ਰਹੀ-ਭੰਗੇਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।