ਚੌਂਕੀਮਾਨ, 23 ਜੂਨ (ਤੇਜਿੰਦਰ ਸਿੰਘ ਚੱਢਾ)ਪੰਜਾਬ ਸਰਕਾਰ ਵਲੋਂ ਲਾਲ ਲਕੀਰ ਅੰਦਰ ਵੱਸਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਲਈ ‘ਮੇਰਾ ਘਰ ਮੇਰੇ ਨਾਂਅ’ ਤਹਿਤ ਚਲਾਈ ਸਕੀਮ ਦੀ ਢਿੱਲੀ ਚਾਲ ਕਾਰਨ ਲਾਲ ਲਕੀਰ ਅੰਦਰ ਵੱਸਦੇ ਲੋਕ ਮਾਲਕੀ ਹੱਕਾਂ ਤੋਂ ਵਾਂਝੇ ਹਨ। ਇਸ ਸੰਬੰਧੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਸਿੱਧਵਾਂ ਕਲਾਂ ਵਿਖੇ ਮਜ਼ਦੂਰਾਂ ਦੀ ਇਕੱਤਰਤਾ ਕੀਤੀ ਗਈ। ਇਕੱਤਰ ਮਜ਼ਦੂਰ ਪਰਿਵਾਰਾਂ ਅਤੇ ਜੱਥੇਬੰਦੀ ਦੇ ਇਲਾਕਾ ਪ੍ਰਧਾਨ ਕੁਲਵੰਤ ਸਿੰਘ ਸੋਨੀ, ਹਾਕਮ ਸਿੰਘ, ਮੇਜਰ ਸਿੰਘ ਅਤੇ ਜਸਵੀਰ ਕੌਰ ਨੇ ਦੱਸਿਆ ਕਿ ਸਾਡੇ ਪਿੰਡ ਸਿੱਧਵਾਂ ਕਲਾਂ ਵਿਖੇ ਭਾਵੇਂ ਡਰੋਨ ਰਾਹੀਂ ਫੋਟੋ ਖਿੱਚ ਕੇ ਵੱਡੀ ਤਦਾਦ ਵਿਚ ਲੋਕਾਂ ਨੂੰ ਲਾਲ ਲਕੀਰ ਦੇ ਮਾਲਕੀ ਹੱਕ ਦੇ ਦਿੱਤੇ ਗਏ ਹਨ, ਪਰ ਇਹ ਡਰੋਨ ਦਲਿਤ ਤੇ ਮਜ਼ਦੂਰ ਬਸਤੀ ਉਪਰ ਨਹੀਂ ਉਡਾਇਆ ਗਿਆ, ਜਿਸ ਕਰਕੇ ਗਰੀਬ ਦਲਿਤ ਤੇ ਮਜ਼ਦੂਰ ਪਰਿਵਾਰ ਲਾਲ ਲਕੀਰ ਦੇ ਮਾਲਕੀ ਹੱਕ ਤੋਂ ਅਜੇ ਤੱਕ ਵਾਂਝੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਰਾ ਸਿੰਘ ਪ੍ਰਿਤਪਾਲ ਸਿੰਘ ਪ੍ਰੀਤਮ ਸਿੰਘ, ਰਮਨਦੀਪ ਕੌਰ, ਗੋਗੀ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਮੋਹਣੀ ਕੌਰ,ਭਜਨ ਸਿੰਘ ਅਤੇ ਛਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਮਜ਼ਦੂਰ ਹਾਜ਼ਰ ਸਨ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਨੇ ਮੰਗ ਕੀਤੀ ਕਿ ਜ਼ਿਲ੍ਹੇ ਅੰਦਰ ਫੌਰੀ ਤੌਰ ’ਤੇ ‘ਮੇਰਾ ਘਰ ਮੇਰੇ ਨਾਂਅ’ ਸਕੀਮ ਤਹਿਤ ਲਾਲ ਲਕੀਰ ਦੇ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਜੇਕਰ ਸਰਕਾਰ ਨੇ ਢਿੱਲ ਮੱਠ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਬੰਦੀ ਵੱਲੋਂ ਐੱਸ.ਡੀ.ਐੱਮ ਜਗਰਾਉਂ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ।
ਮਾਮਲਾ ਲਾਲ ਲਕੀਰ ਅੰਦਰ ਰਿਹਾਇਸ਼ੀ ਮਕਾਨਾਂ ਦਾ ਪੰਜਾਬ ਸਰਕਾਰ ਦੀ ‘ਮੇਰਾ ਘਰ ਮੇਰੇ ਨਾਂਅ’ ਸਕੀਮ ਤਹਿਤ ਨਹੀਂ ਮਿਲਿਆ ਮਾਲਕੀ ਹੱਕ-ਪੇਂਡੂ ਮਜ਼ਦੂਰ ਯੂਨੀਅਨ
ਅਜੀਤ ਡੈਸਕ
24-06-2026