07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਆਈ.ਟੀ.ਆਈ. ਬਾਦਲ ਦੇ ਰਲੇਵੇਂ ਖ਼ਿਲਾਫ਼ ਮੋਮਬੱਤੀ ਮਾਰਚ ਕੱਢਿਆ

ਅਜੀਤ ਡੈਸਕ 24-06-2026


ਮੰਡੀ ਕਿੱਲਿਆਂਵਾਲੀ, 23 ਜੂਨ (ਇਕਬਾਲ ਸਿੰਘ ਸ਼ਾਂਤ)-ਸਰਕਾਰੀ ਆਈ.ਟੀ.ਆਈ. ਬਾਦਲ ਦੇ ਰਲੇਵੇਂ ਖ਼ਿਲਾਫ਼ 25 ਜੂਨ ਨੂੰ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਹੋਣ ਵਾਲੇ ਰੋਸ ਪ੍ਰਦਰਸ਼ਨ ਲਈ ਪੀ.ਐੱਸ.ਯੂ. ਨੇ ਪਿੰਡ ਬਾਦਲ ਵਿਖੇ ਕੱਲ੍ਹ ਦੇਰ ਸ਼ਾਮ ਮੋਮਬੱਤੀ ਮਾਰਚ ਕੱਢ ਕੇ ਸੱਦਾ ਦਿੱਤਾ। ਪ੍ਰਦਰਸ਼ਨ ਵਿਚ ਖੇਤਰ ਦੀਆਂ ਭਰਾਤਰੀ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ। ਮਾਰਚ ਵਿਚ ਪੀ.ਐੱਸ.ਯੂ. ਕਾਰਕੰੁਨਾਂ ਨਾਲ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ। ਮੋਮਬੱਤੀ ਮਾਰਚ ਨੂੰ ਸੰਬੋਧਨ ਕਰਦਿਆਂ ਪੀ.ਐੱਸ.ਯੂ. ਦੀ ਸੂਬਾਈ ਆਗੂ ਸੁਖਪ੍ਰੀਤ ਕੌਰ ਅਤੇ ਜ਼ੋਨਲ ਸਕੱਤਰ ਰਾਜਿੰਦਰ ਸਿੰਘ ਢਿੱਲਵਾਂ ਨੇ ਦੋਸ਼ ਲਗਾਇਆ ਕਿ ਬਿਨਾਂ ਢੁਕਵੇਂ ਕਾਰਨ ਸੰਸਥਾ ਨੂੰ ਬੰਦ ਕਰਕੇ ਖਿਓਵਾਲੀ ਤਬਦੀਲ ਕਰਨ ਦੇ ਫ਼ੈਸਲੇ ਕਾਰਨ ਬਾਦਲ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਬਾਦਲ ਆਈ.ਟੀ.ਆਈ. ਵਿਚ ਐੱਨ.ਸੀ.ਵੀ.ਟੀ. ਨਾਲ ਸੰਬੰਧਿਤ ਟਰੇਡਾਂ ਚੱਲਦੀਆਂ ਸਨ, ਜਦਕਿ ਖਿਓਵਾਲੀ ਆਈ.ਟੀ.ਆਈ. ਵਿਚ ਐੱਸ.ਸੀ.ਵੀ.ਟੀ. ਕੋਰਸ ਹਨ। ਉਨ੍ਹਾਂ ਅਨੁਸਾਰ ਬਾਦਲ ਦੇ ਨਾਂਅ ’ਤੇ ਮਨਜ਼ੂਰ ਕੋਰਸ ਖਿਓਵਾਲੀ ਵਿਚ ਨਿਰਵਿਘਨ ਚਲਾਉਣ ’ਚ ਦਿੱਕਤਾਂ ਆ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ 20-25 ਪਿੰਡਾਂ ਦੇ ਸਿਖਿਆਰਥੀ ਇਸ ਸੰਸਥਾ ਤੋਂ ਸਿੱਖਿਆ ਹਾਸਿਲ ਕਰਦੇ ਸਨ। ਜ਼ੋਨਲ ਆਗੂ ਜਸਨੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਜਦ ਤੱਕ ਸਰਕਾਰ ਆਈ.ਟੀ.ਆਈ. ਬਾਦਲ ਨੂੰ ਪਹਿਲਾਂ ਵਾਂਗ ਚਾਲੂ ਰੱਖਣ ਦਾ ਫ਼ੈਸਲਾ ਨਹੀਂ ਕਰਦੀ, ਸੰਘਰਸ਼ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਨੇ 7 ਜੁਲਾਈ 2025 ਨੂੰ ਆਈ.ਟੀ.ਆਈ. ਬਾਦਲ ਨੂੰ ਭੰਗ ਕਰਕੇ ਇਸ ਦਾ ਖਿਉਵਾਲੀ ਆਈ.ਟੀ.ਆਈ. ’ਚ ਰਲੇਵੇਂ ਦਾ ਫ਼ੈਸਲਾ ਲਿਆ ਸੀ। ਪੰਜਾਬ ਵਿਚ ਇਸ ਵੇਲੇ ਸਿਰਫ਼ 116 ਸਰਕਾਰੀ ਆਈ.ਟੀ.ਆਈਜ਼. ਹਨ। ਦੋਸ਼ ਹੈ ਕਿ ਬੇਰੁਜ਼ਗਾਰੀ ਘਟਾਉਣ ਲਈ ਨਵੇਂ ਕਿੱਤਾ-ਮੁਖੀ ਅਦਾਰੇ ਖੋਲ੍ਹਣ ਦੀ ਲੋੜ ਹੈ, ਜਦਕਿ ਮੌਜੂਦਾ ਸਰਕਾਰ ਚੱਲ ਰਹੇ ਤਕਨੀਕੀ ਸਿੱਖਿਆ ਅਦਾਰਿਆਂ ਨੂੰ ਬੰਦ ਕਰਨ ਦੇ ਰਾਹ ’ਤੇ ਹੈ। ਮਾਰਚ ਮੌਕੇ ਆਈ.ਟੀ.ਆਈ. ਬਾਦਲ ਇਕਾਈ ਦੇ ਕਨਵੀਨਰ ਜਗਸੀਰ ਸਿੰਘ, ਸਹਿ ਸੰਯੋਜਕ ਹਰਪ੍ਰੀਤ ਸਿੰਘ, ਗੁਰਸਹਿਜ ਸਿੰਘ, ਸਰਬਜੀਤ ਸਿੰਘ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਬਨਾਰਸੀ ਦਾਸ ਵੀ ਮੌਜੂਦ ਸਨ। ਇਸੇ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਕੱਤਰ ਰਾਮਪਾਲ ਗੱਗੜ ਨੇ ਕਿਹਾ ਕਿ 25 ਜੂਨ ਦੇ ਰੋਸ ਪ੍ਰਦਰਸ਼ਨ ਵਿਚ ਉਨ੍ਹਾਂ ਦੀ ਜਥੇਬੰਦੀ ਤੋਂ ਇਲਾਵਾ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਵੀ ਹਿੱਸਾ ਲੈਣਗੀਆਂ।

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸਮਾਗਮ ਤੋਂ ਪਹਿਲਾਂ ਹੀ ਘਰਾਂ ’ਚ ਕੀਤਾ ਨਜ਼ਰਬੰਦ ਅਗਲੀ ਖ਼ਬਰ ਖੇਤ ਬਚਾਓ ਮੁਹਿੰਮ ਤਹਿਤ ਕਿਸਾਨ ਸਿਖਲਾਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।