07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਨਗਰ ਕੌਂਸਲ ਕੋਟਕਪੂਰਾ ’ਤੇ ‘ਆਪ’ ਦਾ ਕਬਜ਼ਾ

ਅਜੀਤ ਡੈਸਕ 24-06-2026

ਕੋਟਕਪੂਰਾ, 23 ਜੂਨ ( ਗਿੱਲ, ਮੇਘਰਾਜ)-ਆਮ ਆਦਮੀ ਪਾਰਟੀ ਦੀ ਬਹੁਮਤ ਕੌਂਸਲਰਾਂ ਵਾਲੀ ਨਗਰ ਕੌਂਸਲ ਕੋਟਕਪੂਰਾ ਦੇ ਅੱਜ ਹੋਈ ਅਹੁਦੇਦਾਰਾਂ ਦੀ ਚੋਣ ’ਚ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਤੱਖੀ ਅਤੇ ਮੀਤ ਪ੍ਰਧਾਨ ਅਨੀਤਾ ਅਰੋੜਾ ਨੂੰ ਚੁਣਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 22 ਤੋਂ ਨਿਰਵਿਰੋਧ ਕੌਂਸਲਰ ਚੁਣੇ ਗਏ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਅੱਜ ਕੌਂਸਲਰਾਂ ਦੀ ਵੋਟਿੰਗ ਦੌਰਾਨ 29 ਵਿਚੋੋਂ 16 ਵੋਟਾਂ ਲੈ ਕੇ ਪ੍ਰਧਾਨ ਬਣ ਗਏ ਹਨ। ਸਥਾਨਕ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਹਾਜ਼ਰੀ ਵਿਚ ਇਹ ਚੋਣ ਪ੍ਰਕਿ੍ਰਆ ਮੁਕੰਮਲ ਹੋਈ। ਆਪਣੇ ਸੰਬੋਧਨ ਦੌਰਾਨ ਸਪੀਕਰ ਸੰਧਵਾਂ ਅਤੇ ਕੈਬਨਿਟ ਮੰਤਰੀ ਮੁੰਡੀਆਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਾਰੀ ਚੋਣ ਪ੍ਰਕਿਰਿਆ ਬੜੀ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀ ਹੈ। ਉੁਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦੂਰਅੰਦੇਸ਼ੀ ਸੋਚ ਮੁਤਾਬਿਕ ਪੜੇ-ਲਿਖੇ ਅਤੇ ਨੌਜਵਾਨ ਚਿਹਰੇ ਸੇਵਾਵਾਂ ਲਈ ਮੂਹਰੇ ਆ ਰਹੇ ਹਨ। ਇਸ ਮੌਕੇ ਗੈਰੀ ਵੜਿੰਗ ਪ੍ਰਧਾਨ ਸਮੇਤ ਬਾਕੀ ਚੁਣੇ ਗਏ ਪ੍ਰਮੁੱਖ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਂਡ, ਸਪੀਕਰ ਸੰਧਵਾਂ ਅਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਸਾਰੇ ਕੌਂਸਲਰਾਂ ਦੀ ਸਹਿਮਤੀ ਨਾਲ ਸ਼ਹਿਰ ਨੂੰ ਸੋਹਣਾ, ਸੁੰਦਰ ਬਣਾਉਣ ਅਤੇ ਜਨਤਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਦੂਜੇ ਪਾਸੇ ਦੂਜੀ ਵਾਰ ਕੌਂਸਲਰ ਬਣੇ ਚੰਚਲ ਕੁਮਾਰ ਨੇ ਆਪਣੇ ਸਾਥੀਆਂ ਦੀ ਮੌਜੂਦਗੀ ’ਚ ਕਿਹਾ ਕਿ ਉਹ ਅੱਠ ਕੌਂਸਲਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ, ਜੇਕਰ ਉਨ੍ਹਾਂ ਦੀ ਕਾਰਵਾਈ ’ਚ ਹਾਜ਼ਰੀ ਲਵਾਈ ਜਾਂਦੀ ਅਤੇ ਚੋਣ ਪ੍ਰਕਿ੍ਰਆ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਜ਼ਰੂਰ ਵੇਖ ਲੈਂਦੇ। ਦੱਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਦੇ ਪੰਜ ਕੌਂਸਲਰਾਂ ’ਚੋਂ ਇਕ ਮਹਿਲਾ ਕੌਂਸਲਰ ਲਗਾਤਾਰ ਤੀਜੀ ਵਾਰ ਰਿਪੀਟ ਹੋਏ ਹਨ ਅਤੇ ਤਿੰਨ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹਨ। ਦੂਜੇ ਪਾਸੇ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਸਮੇਤ ਬਾਕੀ ਅਹੁਦੇਦਾਰਾਂ ਨੂੰ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜੋਸ਼ੀ ਪਰਿਵਾਰ ਨੂੰ ਹੋਈ ਨਿਰਾਸ਼ਤਾ :
ਸ਼ਹਿਰ ਦੀ ਹੌਟ ਮੰਨੀ ਜਾ ਰਹੀ ਸੀਟ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤਣ ’ਚ ਸਫ਼ਲ ਹੋਏ ਸੁਤੰਤਰ ਜੋਸ਼ੀ ਵੀ ਪ੍ਰਧਾਨਗੀ ਹਾਸਿਲ ਕਰਨ ਦੇ ਮਜ਼ਬੂਤ ਦਾਅਵੇਦਾਰ ਸਨ। ਉਨ੍ਹਾਂ ਦਾ ਪਰਿਵਾਰ ਵਾਰਡ ਨੰਬਰ 10, 11 ਅਤੇ 16 ਸੀਟਾਂ ’ਤੇ ਸ਼ਾਨਦਾਰ ਵੋਟਿੰਗ ਨਾਲ ਜੇਤੂ ਰਿਹਾ ਹੈ। ਉਹ ਨਗਰ ਕੌਂਸਲ ਦੀ ਪਿਛਲੀ ਟਰਮ ’ਚ ਸੀਨੀਅਰ ਮੀਤ ਪ੍ਰਧਾਨ ਰਹੇ ਸਨ। ਸੱਤ੍ਹਧਾਰੀ ਧਿਰ ਨਾਲ ਸਬੰਧਿਤ ਉਨ੍ਹਾਂ ਦੇ ਸਤਿਕਾਰਤ ਭਰਜਾਈ ਵਿਜੇ ਪ੍ਰੀਤ ਜੋਸ਼ੀ ਅਤੇ ਬੇਟਾ ਨਿੱਪੀ ਜੋਸ਼ੀ ਇਕੋ ਪਰਿਵਾਰ ਦੇ ਹੀ ਜੇਤੂ ਤਿੰਨ ਕੌਂਸਲਰ ਹਨ। ਅੱਜ ਦੀ ਚੋਣ ’ਚ ਉਨ੍ਹਾਂ ਨੂੰ ਕੋਈ ਵੀ ਅਹੁਦਾ ਨਾ ਮਿਲਣ ਕਾਰਨ ਜੋਸ਼ੀ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ’ਚ ਨਿਰਾਸ਼ਤਾ ਫ਼ੈਲੀ ਗਈ।

ਪਿਛਲੀ ਖ਼ਬਰ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਹੋਏ ਨਤਮਸਤਕ ਅਗਲੀ ਖ਼ਬਰ ਲਖਵਿੰਦਰ ਸਿੰਘ ਬਰਾੜ ਯੂਥ ਕਾਂਗਰਸ ਫ਼ਰੀਦਕੋਟ ਦੇ ਵਾਈਸ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।