ਫ਼ਰੀਦਕੋਟ, 3 ਜੂਨ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਅੱਜ ਐਸ. ਐਸ. ਪੀ. ਡਾ. ਪ੍ਰਗਿਆ ਜੈਨ ਆਈ.ਪੀ.ਐਸ. ਨੂੰ ਉਨ੍ਹਾਂ ਦੀ ਬਦਲੀ ਉਪਰੰਤ ਏ.ਆਈ.ਜੀ. ਲਾਅ ਐਂਡ ਆਰਡਰ, ਪੰਜਾਬ, ਚੰਡੀਗੜ੍ਹ ਵਜੋਂ ਨਿਯੁਕਤੀ ਮੌਕੇ 'ਤੇ ਨਿੱਘੀ, ਸਨਮਾਨ ਪੂਰਵਕ ਅਤੇ ਭਾਵੁਕ ਵਿਦਾਇਗੀ ਦਿੱਤੀ ਗਈ | ਸਮਾਗਮ 'ਚ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਅਤੇ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ | ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਫ਼ਰੀਦਕੋਟ ਵਿਚ ਆਪਣੇ ਕਾਰਜਕਾਲ ਦੌਰਾਨ ਮਿਲੇ ਸਹਿਯੋਗ ਲਈ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ | ਡਾ. ਪ੍ਰਗਿਆ ਜੈਨ ਨੇ ਫ਼ਰੀਦਕੋਟ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਭਾਵੇਂ ਉਹ ਅਹੁਦਾ ਛੱਡ ਰਹੇ ਹਨ, ਪਰ ਫ਼ਰੀਦਕੋਟ ਵਿਚ ਮਿਲੇ ਪਿਆਰ ਅਤੇ ਸਤਿਕਾਰ ਨੂੰ ਉਹ ਆਪਣੇ ਨਾਲ ਲਿਜਾ ਰਹੇ ਹਨ | ਐਸ.ਪੀ (ਇੰਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਗੋਰਾਇਆ ਨੇ ਕਿਹਾ ਕਿ ਡਾ. ਪ੍ਰਗਿਆ ਜੈਨ ਨੇ ਐਸ.ਐਸ.ਪੀ ਫ਼ਰੀਦਕੋਟ ਵਜੋਂ ਆਪਣੇ ਕਾਰਜਕਾਲ ਦੌਰਾਨ ਪੇਸ਼ੇਵਰਾਨਾ ਨੇਤਿ੍ਤਵ, ਅਨੁਸ਼ਾਸਨ ਅਤੇ ਲੋਕ-ਪੱਖੀ ਪੁਲਿਸਿੰਗ ਦੀ ਮਿਸਾਲ ਕਾਇਮ ਕੀਤੀ ਹੈ | ਇਸ ਮੌਕੇ ਮੌਜੂਦ ਅਧਿਕਾਰੀਆਂ ਨੇ ਵੀ ਡਾ. ਪ੍ਰਗਿਆ ਜੈਨ ਵਲੋਂ ਬਤੌਰ ਐਸ.ਐਸ.ਪੀ ਨੇਤਿ੍ਤਵ ਅਤੇ ਪ੍ਰਸ਼ਾਸਨਿਕ ਯੋਗਤਾ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਨੇ ਕਈ ਮਹੱਤਵਪੂਰਨ ਉਪਲਬਧੀਆਂ ਹਾਸਿਲ ਕੀਤੀਆਂ ਅਤੇ ਵਿਭਾਗ ਵਿਚ ਇਕ ਸਕਾਰਾਤਮਕ ਕਾਰਜ-ਸੰਸਕਿ੍ਤੀ ਨੂੰ ਮਜ਼ਬੂਤੀ ਮਿਲੀ | ਸਮਾਗਮ ਦੌਰਾਨ ਇਕ ਵਿਸ਼ੇਸ਼ ਸਰਟੀਫਿਕੇਟ ਵੰਡ ਸਮਾਰੋਹ ਵੀ ਕਰਵਾਇਆ ਗਿਆ, ਜਿਸ ਦੌਰਾਨ ਡਾ. ਪ੍ਰਗਿਆ ਜੈਨ ਵਲੋਂ ਵਧੀਆ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਨੂੰ 09 ਡੀ.ਜੀ.ਪੀ ਡਿਸਕ, 300 ਪ੍ਰਸੰਸਾ ਪੱਤਰ ਦਰਜਾ ਪਹਿਲਾ, 100 ਪ੍ਰਸੰਸਾ ਪੱਤਰ ਦਰਜਾ ਦੂਜਾ ਅਤੇ 400 ਪ੍ਰਸੰਸਾ ਪੱਤਰ ਦਰਜ ਤੀਜਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਪ੍ਰਗਿਆ ਜੈਨ ਵਲੋਂ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ, ਅਵਤਾਰ ਸਿੰਘ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਅਤੇ ਇਕਬਾਲ ਸਿੰਘ ਡੀ.ਐਸ.ਪੀ (ਸਬ-ਡਵੀਜਨ) ਜੈਤੋ ਨੂੰ ਅਹਿਮ ਕੇਸਾਂ ਨੂੰ ਟਰੇਸ ਕਰਨ ਵਿਚ ਵਧੀਆ ਸੇਵਾਵਾਂ ਨਿਭਾਉਣ ਲਈ ਡੀ.ਜੀ.ਪੀ ਡਿਸਕ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ਨਿਵਾਜਿਆ ਗਿਆ | ਸਮਾਗਮ ਦੇ ਅੰਤ ਵਿਚ ਫ਼ਰੀਦਕੋਟ ਪੁਲਿਸ ਪਰਿਵਾਰ ਵਲੋਂ ਡਾ. ਪ੍ਰਗਿਆ ਜੈਨ ਨੂੰ ਫੁੱਲਾਂ ਦੀ ਵਰਖਾ, ਯਾਦਗਾਰੀ ਚਿੰਨ੍ਹ ਅਤੇ ਸ਼ੁਭਕਾਮਨਾਵਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ |