ਕੋਟਕਪੂਰਾ, 31 ਮਾਰਚ (ਮੋਹਰ ਸਿੰਘ ਗਿੱਲ)-ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦੀ ਮੀਟਿੰਗ ਚੇਅਰਮੈਨ ਐਡਵੋਕੇਟ ਜਗਦੀਸ਼ ਪ੍ਰਸਾਦ ਦੀ ਪ੍ਰਧਾਨਗੀ ਹੇਠ ਰੇਲਵੇ ਸਟੇਸ਼ਨ ਕੋਟਕਪੂਰਾ ਵਿਖੇ ਹੋਈ | ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦੇ ਪ੍ਰਧਾਨ ਨਰਿੰਦਰ ਕੁਮਾਰ ਰਾਠੌਰ ਨੇ ਦੱਸਿਆ ਕਿ ਮੀਟਿੰਗ 'ਚ ਇਹ ਮਹਿਸੂਸ ਕੀਤਾ ਗਿਆ ਕਿ ਅੰਮਿ੍ਤ ਭਾਰਤ ਸਟੇਸ਼ਨ ਸਕੀਮ ਅਧੀਨ ਰੇਲਵੇ ਸਟੇਸ਼ਨ ਕੋਟਕਪੂਰਾ ਵਿਖੇ ਜੋ ਕੰਮ ਠੇਕੇਦਾਰ ਵਲੋਂ ਕੀਤੇ ਜਾ ਰਹੇ ਹਨ | ਉਹ ਸਰਕਾਰੀ ਹਦਾਇਤਾਂ ਮੁਤਾਬਿਕ ਪੂਰੇ ਨਹੀਂ ਕੀਤੇ ਜਾ ਰਹੇ ਤੇ ਕਾਫ਼ੀ ਕੰਮ ਅਜੇ ਵੀ ਅਧੂਰੇ ਪਏ ਹਨ | ਕੋਟਕਪੂਰਾ ਰੇਲਵੇ ਸਟੇਸ਼ਨ ਉੱਪਰ ਮੁਸਾਫ਼ਰਾਂ ਦੀ ਸੁਵਿਧਾ ਲਈ ਲਿਫ਼ਟਾਂ ਲੱਗਣੀਆਂ ਸਨ, ਪਰ ਲਗਭਗ 3 ਸਾਲ ਬੀਤ ਜਾਣ ਤੋਂ ਬਾਅਦ ਵੀ ਨਹੀਂ ਲੱਗੀਆਂ | ਕੋਟਕਪੂਰਾ ਰੇਲਵੇ ਸਟੇਸ਼ਨ 'ਤੇ ਕਈ ਰੇਲ ਗੱਡੀਆਂ ਦਾ ਠਹਿਰਾਅ ਨਹੀਂ ਹੋ ਰਿਹਾ | ਇਸ ਕਾਰਨ ਕੋਟਕਪੂਰਾ ਤੇ ਨਾਲ ਲੱਗਦੇ ਪਿੰਡਾਂ ਦੇ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਰੇਲ ਗੱਡੀਆਂ ਦਾ ਕੋਈ ਵੀ ਫ਼ਾਇਦਾ ਨਹੀਂ ਹੋ ਰਿਹਾ | ਮੀਟਿੰਗ 'ਚ ਇਹ ਮੰਗ ਕੀਤੀ ਗਈ ਕਿ ਕੋਰੋਨਾ ਕਾਲ ਦੌਰਾਨ ਬੰਦ ਕੀਤੀਆਂ ਗਈਆਂ ਟਰੇਨਾਂ ਮੁੜ ਦੁਬਾਰਾ ਸ਼ੁਰੂ ਕੀਤਾ ਜਾਵੇ, ਜਿਵੇਂ ਕਿ ਫ਼ਿਰੋਜ਼ਪੁਰ-ਮੁੰਬਈ (ਜਨਤਾ ਐਕਸਪ੍ਰੈਸ) ਇਹ ਇਲਾਕੇ ਦੀ ਮਹੱਤਵਪੂਰਨ ਟਰੇਨ ਹੈ, ਇਸ ਨੂੰ ਚਾਲੂ ਕੀਤਾ ਜਾਵੇ, ਜਿਨ੍ਹਾਂ ਗੱਡੀਆਂ ਦਾ ਸਟੇਸ਼ਨ 'ਤੇ ਠਹਿਰਾਓ ਨਹੀਂ ਹੁੰਦਾ ਫ਼ਿਰੋਜ਼ਪੁਰ ਦਿੱਲੀ (ਵੰਦੇ ਭਾਰਤ), ਫ਼ਿਰੋਜ਼ਪੁਰ-ਰਮੇਸ਼ਵਰਮ, ਭਾਵਨਗਰ-ਉਦਮਪੁਰ, ਸਾਬਰਮਤੀ-ਕੱਟੜਾ ਟਰੇਨਾਂ ਦਾ ਠਹਿਰਾਓ ਕੀਤਾ ਜਾਵੇ | ਸੰਮਤੀ ਦੇ ਪ੍ਰਧਾਨ ਵਲੋਂ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ ਗਿਆ | ਮੀਟਿੰਗ ਵਿਚ ਮੋਹਨ ਲਾਲ ਖ਼ਜ਼ਾਨਚੀ, ਰਮੇਸ਼ ਸ਼ਰਮਾ ਪ੍ਰੈਸ ਸਕੱਤਰ, ਪ੍ਰੋ. ਹਰਬੰਸ ਸਿੰਘ ਪਦਮ, ਸੋਮਨਾਥ ਅਰੋੜਾ, ਸੰਦੀਪ ਗੋਇਲ, ਕੁਲਜੀਤ ਸਿੰਘ, ਪਿਆਰਾ ਸਿੰਘ ਆਦਿ ਹਾਜ਼ਰ ਸਨ |